ਬਰਨਾਲਾ ‘ਚ ਕਿਸਾਨ ਮਜ਼ਦੂਰ ਏਕਤਾ ਮਹਾਂ ਰੈਲੀ ‘ਚ ਕਿਸਾਨਾਂ ਦਾ ਭਾਰੀ ਇਕੱਠ

ਬਰਨਾਲਾ, 21 ਫਰਵਰੀ – ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਵਿਚਾਲੇ ਬਰਨਾਲਾ ਵਿਖੇ ਕਿਸਾਨ ਮਜ਼ਦੂਰ ਏਕਤਾ ਮਹਾਂ ਰੈਲੀ ਕੀਤੀ ਗਈ। ਇਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਔਰਤਾਂ ਤੇ ਨੌਜਵਾਨ ਪੁੱਜੇ।
ਇੱਥੇ ਸਥਾਨਕ ਅਨਾਜ ਮੰਡੀ ਵਿੱਚ ਕੀਤੀ ਕਿਸਾਨ ਮਜ਼ਦੂਰ ਏਕਤਾ ਮਹਾਂ ਰੈਲੀ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੀ ਇਸ ਲੜਾਈ ਨੂੰ ਸਾਂਝੀਵਾਲਤਾ, ਸਬਰ ਤੇ ਸਿਦਕ ਨਾਲ ਜਾਰੀ ਰੱਖਦਿਆਂ ਹਰ ਹਾਲ ਜਿੱਤਣਗੇ। ਆਗੂਆਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵੱਲੋਂ ਕੇਸਾਂ ਦੇ ਰੂਪ ਵਿੱਚ ਦਿੱਤੇ ਡਰਾਵਿਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਸੱਦਾ ਦਿੱਤਾ ਕਿ ਕਿਸਾਨੀ ਅੰਦੋਲਨ ਨੂੰ ਹਰ ਵਰਗ ਆਪਣੀ ਹਮਾਇਤ ਦੇਵੇ ਤੇ ਇੱਕਜੁੱਟਤਾ ਨਾਲ ਇਸ ਲੜਾਈ ਨੂੰ ਅੱਗੇ ਲਿਜਾਂਦਿਆਂ ਸਫਲ ਬਣਾਇਆ ਜਾਵੇ। ਆਗੂਆਂ ਨੇ ਕਿਹਾ ਕਿ ਦਿੱਲੀ ਹਿੰਸਾ ਲਈ ਗ੍ਰਿਫ਼ਤਾਰ ਕਿਸਾਨਾਂ ਨੂੰ ਫ਼ੌਰੀ ਰਿਹਾਅ ਕੀਤਾ ਜਾਵੇ ਤੇ ਫ਼ਰਜ਼ੀ ਕੇਸ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ‘ਫ਼ਾਸ਼ੀਵਾਦੀ ਤੇ ਫ਼ਿਰਕੂ ਸਰਕਾਰ’ ਨੂੰ ਚੁਣੌਤੀ ਦੇਣ ਲਈ ਦੇਸ਼ ਵਿੱਚ ਵੱਡੇ ਪੱਧਰ ‘ਤੇ ਸੰਘਰਸ਼ ਵਿੱਢਿਆ ਗਿਆ ਹੈ। ਬੀਕੇਯੂ ਏਕਤਾ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵਿਉਂਤੀ ‘ਕਿਸਾਨ ਮਜ਼ਦੂਰ ਏਕਤਾ ਮਹਾਂ ਰੈਲੀ’ ਨੂੰ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ ਤੇ ਸੁਖਦੇਵ ਸਿੰਘ ਨੇ ਵੀ ਸੰਬੋਧਨ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਨੇ ਚੁੱਲ੍ਹਾ-ਚੌਂਕਾ ਤੇ ਘਰੇਲੂ ਆਹਰ ਛੱਡ ਕੇ ਹੱਥਾਂ ਵਿੱਚ ਕਿਸਾਨੀ ਦਾ ਪਰਚਮ ਲਹਿਰਾਉਂਦਿਆਂ ਰੈਲੀ ‘ਚ ਹਾਜ਼ਰੀ ਭਰੀ। ਇਸ ਦੌਰਾਨ ਸਥਾਨਕ ਪੁਲੀਸ ਨੇ ਰੈਲੀ ਵਿੱਚ ਸਵਾ ਤੋਂ ਡੇਢ ਲੱਖ ਲੋਕਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ।