ਕੋਵਿਡ -19: ਨਿਊਜ਼ੀਲੈਂਡ ‘ਚ ਕਮਿਊਨਿਟੀ ਦਾ ਅੱਜ 1 ਨਵਾਂ ਕੇਸ ਆਇਆ, ਜਦੋਂ ਕਿ 6 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ

ਵੈਲਿੰਗਟਨ, 22 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ ਕਮਿਊਨਿਟੀ ‘ਚੋਂ 1 ਹੋਰ ਨਵਾਂ ਕੇਸ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਨਵਾਂ ਕੇਸ ਮੌਜੂਦਾ ਕਮਿਊਨਿਟੀ ਮਾਮਲਿਆਂ ਨਾਲ ਜੁੜਿਆ ਹੋਇਆ ਹੈ ਅਤੇ ਪਹਿਲਾਂ ਹੀ ਕੁਆਰੰਟੀਨ ਵਿੱਚ ਰਹਿ ਰਿਹਾ ਹੈ। ਜਦੋਂ ਕਿ ਕੋਰੋਨਾਵਾਇਰਸ ਦੇ 6 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ ਹਨ, ਜਿਨ੍ਹਾਂ ਵਿੱਚੋਂ 4 ਕੇਸ ਹਿਸਟੋਰੀਕਲ ਹਨ।
ਸਿਹਤ ਮੰਤਰਾਲੇ ਨੇ ਕਿਹਾ ਸੋਮਵਾਰ ਦਾ ਕੇਸ ਇੱਕੋ ਪਰਿਵਾਰ ਦਾ ਹਿੱਸਾ ਹੈ। ਉਸ ਦਾ ਪਹਿਲਾਂ ਟੈੱਸਟ ਕੀਤਾ ਗਿਆ ਸੀ ਅਤੇ ਨੈਗੇਟਿਵ ਨਤੀਜਾ ਆਇਆ ਸੀ ਅਤੇ ਸੈਲਫ਼-ਆਈਸੋਲੇਸ਼ਨ ਵਿੱਚ ਰਹਿ ਰਿਹਾ ਸੀ। ਉਸ ਵਿਅਕਤੀ ਨੂੰ ਸਾਵਧਾਨੀ ਦੇ ਤੌਰ ‘ਤੇ 19 ਫਰਵਰੀ ਦਿਨ ਸ਼ੁੱਕਰਵਾਰ ਨੂੰ ਆਕਲੈਂਡ ਦੀ ਕੁਆਰੰਟੀਨ ‘ਚ ਤਬਦੀਲ ਕਰ ਦਿੱਤਾ ਗਿਆ ਸੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਮੈਨੇਜਡ ਆਈਸੋਲੇਸ਼ਨ ਦੇ ਇਹ 6 ਨਵੇਂ ਕੇਸ ਅਮਰੀਕਾ, ਇਰਾਕ, ਮੋਰਾਕੋ ਅਤੇ ਕੋਲੰਬੀਆ ਤੋਂ ਆਏ ਹਨ ਅਤੇ ਇਨ੍ਹਾਂ ਨੂੰ ਆਕਲੈਂਡ ਅਤੇ ਕ੍ਰਾਈਸਟਚਰਚ ਦੀ ਕੁਆਰੰਟੀਨ ਸਹੂਲਤ ਵਿੱਚ ਭੇਜ ਦਿੱਤਾ ਗਿਆ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,357 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਿਨ੍ਹਾਂ ਵਿੱਚੋਂ 2,001 ਕੰਨਫ਼ਰਮ ਕੇਸ ਹਨ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 54 ਹੈ, ਜਿਨ੍ਹਾਂ ਵਿੱਚੋਂ 8 ਕੇਸ ਕਮਿਊਨਿਟੀ ਦੇ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2277 ਹੋ ਗਈ ਹੈ, ਕੋਵਿਡ ਤੋਂ 4 ਕੇਸ ਰਿਕਵਰ ਹੋਏ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਹੁਣ ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।