ਬਸਪਾ ਨੇ ਆਪਣੇ ਸੰਸਦ ਮੈਂਬਰ ਦਾਨਿਸ਼ ਅਲੀ ਨੂੰ ‘ਪਾਰਟੀ ਵਿਰੋਧੀ’ ਗਤੀਵਿਧੀਆਂ ਕਾਰਨ ਪਾਰਟੀ ’ਚੋਂ ਮੁਅੱਤਲ ਕੀਤਾ

ਲਖਨਊ, 9 ਦਸੰਬਰ – ਬਸਪਾ ਨੇ ਉੱਤਰ ਪ੍ਰਦੇਸ਼ ਦੇ ਅਮਰੋਹਾ ਤੋਂ ਆਪਣੇ ਸੰਸਦ ਮੈਂਬਰ ਦਾਨਿਸ਼ ਅਲੀ ਨੂੰ ‘ਪਾਰਟੀ ਵਿਰੋਧੀ’ ਗਤੀਵਿਧੀਆਂ ਕਾਰਨ ਅੱਜ ‘ਬਸਪਾ’ ਵਿਚੋਂ ਮੁਅੱਤਲ ਕਰ ਦਿੱਤਾ। ‘ਬਸਪਾ’ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਨੇ ਸੰਸਦ ਮੈਂਬਰ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਮੁਅੱਤਲ ਕਰਨ ਦੀ ਜਾਣਕਾਰੀ ਦਿੱਤੀ ਹੈ। ਦੱਸਣਯੋਗ ਹੈ ਕਿ ਟੀਐਮਸੀ ਮੈਂਬਰ ਮਹੂਆ ਮੋਇਤਰਾ ਨੂੰ ‘ਅਨੈਤਿਕ ਵਿਹਾਰ’ ਲਈ ਸ਼ੁੱਕਰਵਾਰ ਨੂੰ ਲੋਕ ਸਭਾ ਵਿਚੋਂ ਕੱਢੇ ਜਾਣ ਤੋਂ ਬਾਅਦ ਦਾਨਿਸ਼ ਅਲੀ ਵਿਰੋਧੀ ਧਿਰਾਂ ਦੇ ਬਾਕੀ ਮੈਂਬਰਾਂ ਨਾਲ ਰੋਸ ਜ਼ਾਹਿਰ ਕਰਦਿਆਂ ਸਦਨ ਵਿਚੋਂ ਬਾਹਰ ਆ ਗਏ ਸਨ ਜਦਕਿ ਬਸਪਾ ਦੇ ਹੋਰ ਮੈਂਬਰ ਸਦਨ ਵਿਚ ਹੀ ਬੈਠੇ ਸਨ। ਉਨ੍ਹਾਂ ਦੇ ਇਸ ਕਦਮ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਮਿਸ਼ਰਾ ਵੱਲੋਂ ਅਲੀ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਈ ਵਾਰ ਜ਼ੁਬਾਨੀ ਤੌਰ ’ਤੇ ਕਿਹਾ ਗਿਆ ਕਿ ਤੁਸੀਂ ਪਾਰਟੀ ਦੀਆਂ ਨੀਤੀਆਂ, ਵਿਚਾਰਧਾਰਾ ਤੇ ਅਨੁਸ਼ਾਸਨ ਵਿਰੁੱਧ ਜਾ ਕੇ ਕੋਈ ਵੀ ਬਿਆਨਬਾਜ਼ੀ ਜਾਂ ਕੰਮ ਨਹੀਂ ਕਰ ਸਕਦੇ, ਪਰ ਇਸ ਤੋਂ ਬਾਅਦ ਵੀ ਤੁਸੀਂ ਲਗਾਤਾਰ ਪਾਰਟੀ ਦੇ ਵਿਰੁੱਧ ਜਾ ਕੇ ਕੰਮ ਕੀਤੇ ਹਨ।
ਬਸਪਾ ਵਿਚੋਂ ਮੁਅੱਤਲ ਕੀਤੇ ਜਾਣ ਮਗਰੋਂ ਲੋਕ ਸਭਾ ਮੈਂਬਰ ਦਾਨਿਸ਼ ਅਲੀ ਨੇ ਅੱਜ ਕਿਹਾ ਕਿ ਉਹ ਕਿਸੇ ਪਾਰਟੀ ਵਿਰੋਧੀ ਗਤੀਵਿਧੀ ਵਿਚ ਸ਼ਾਮਲ ਨਹੀਂ ਹੋਏ, ਤੇ ਸਿਰਫ਼ ਭਾਜਪਾ ਸਰਕਾਰ ਦੀਆਂ ‘ਲੋਕ-ਵਿਰੋਧੀ’ ਨੀਤੀਆਂ ਖ਼ਿਲਾਫ਼ ਆਵਾਜ਼ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਅਪਰਾਧ ਹੈ ਤਾਂ ਉਹ ਇਸ ਲਈ ਸਜ਼ਾ ਭੁਗਤਣ ਵਾਸਤੇ ਤਿਆਰ ਹਨ। ਮੁਅੱਤਲੀ ਤੋਂ ਬਾਅਦ ਅਲੀ ਨੇ ‘ਐਕਸ’ ਉਤੇ ਪੋਸਟ ਕੀਤਾ, ‘ਮੈਂ ਪਾਰਟੀ ਪ੍ਰਧਾਨ ਮਾਇਆਵਤੀ ਜੀ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗਾ ਕਿ ਉਨ੍ਹਾਂ ਮੈਨੂੰ ਟਿਕਟ ਦੇ ਕੇ ਲੋਕ ਸਭਾ ਦਾ ਮੈਂਬਰ ਬਣਨ ਵਿਚ ਮਦਦ ਕੀਤੀ। ਉਨ੍ਹਾਂ ਮੈਨੂੰ ਬਸਪਾ ਸੰਸਦੀ ਦਲ ਦਾ ਨੇਤਾ ਵੀ ਬਣਾਇਆ। ਮੈਨੂੰ ਹਮੇਸ਼ਾ ਉਨ੍ਹਾਂ ਦਾ ਪਿਆਰ ਤੇ ਸਮਰਥਨ ਮਿਲਿਆ। ਉਨ੍ਹਾਂ ਦਾ ਅੱਜ ਦਾ ਫੈਸਲਾ ਮੰਦਭਾਗਾ ਹੈ।’ ਅਲੀ ਨੇ ਕਿਹਾ ਮੈਂ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਜ਼ਰੂਰ ਕੀਤਾ ਹੈ ਤੇ ਕਰਦਾ ਰਹਾਂਗਾ। ਕੁਝ ਪੂੰਜੀਪਤੀਆਂ ਵੱਲੋਂ ਜਨਤਾ ਦੀ ਸੰਪਤੀ ਦੀ ਲੁੱਟ ਵਿਰੁੱਧ ਵੀ ਮੈਂ ਆਵਾਜ਼ ਚੁੱਕੀ ਹੈ ਤੇ ਚੁੱਕਦਾ ਰਹਾਂਗਾ ਕਿਉਂਕਿ ਇਹੀ ਸੱਚੀ ਲੋਕ ਸੇਵਾ ਹੈ।