21 ਦਸੰਬਰ ਨੂੰ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਹੋਣਗੀਆਂ

ਨਵੀਂ ਦਿੱਲੀ, 10 ਦਸੰਬਰ – ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ 21 ਦਸੰਬਰ ਨੂੰ ਹੋਣਗੀਆਂ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। ਰਿਟਰਨਿੰਗ ਅਫ਼ਸਰ ਜਸਟਿਸ (ਸੇਵਾਮੁਕਤ) ਐੱਮਐੱਮ ਕੁਮਾਰ ਨੇ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਵੋਟਿੰਗ, ਗਿਣਤੀ ਅਤੇ ਨਤੀਜਿਆਂ ਦਾ ਐਲਾਨ ਉਸੇ ਦਿਨ ਹੀ ਕੀਤਾ ਜਾਵੇਗਾ। ਚੋਣ ਦੇ ਨਤੀਜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੰਬਿਤ ਰਿਟ ਪਟੀਸ਼ਨ ’ਤੇ ਨਿਰਭਰ ਹੋਣਗੇ। ਚੋਣਾਂ ਆਮ ਸਭਾ ਦੀ ਵਿਸ਼ੇਸ਼ ਮੀਟਿੰਗ ਦੌਰਾਨ ਹੋਣਗੀਆਂ ਅਤੇ 7 ਅਗਸਤ ਨੂੰ ਬਣਾਈ ਗਈ ਵੋਟਿੰਗ ਸੂਚੀ ਅਨੁਸਾਰ ਹੋਣਗੀਆਂ। ਬਿਆਨ ਵਿੱਚ ਕਿਹਾ ਗਿਆ, ‘‘ਡਬਲਿਊਐੱਫਆਈ ਦੀਆਂ ਚੋਣਾਂ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 11 ਅਗਸਤ ਨੂੰ ਰੋਕ ਲਗਾ ਦਿੱਤੀ ਸੀ, ਜਿਸ ਕਾਰਨ 12 ਅਗਸਤ ਨੂੰ ਚੋਣਾਂ ਨਹੀਂ ਹੋ ਸਕੀਆਂ ਸੀ। ਹਾਈ ਕੋਰਟ ਨੇ ਰੋਕ ਹਟਾ ਦਿੱਤੀ ਹੈ ਅਤੇ ਹੁਣ ਚੋਣਾਂ ਦੀਆਂ ਬਾਕੀ ਪ੍ਰਕਿਰਿਆਵਾਂ ਸੋਧੇ ਪ੍ਰੋਗਰਾਮ ਅਨੁਸਾਰ 21 ਦਸੰਬਰ ਤੋਂ ਹੋਣਗੀਆਂ।’’ ਬਿਆਨ ਅਨੁਸਾਰ, ‘‘ਇਸ ਚੋਣ ਦੇ ਨਤੀਜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੰਬਿਤ ਰਿੱਟ ਪਟੀਸ਼ਨ ਦੇ ਨਤੀਜੇ ਅਨੁਸਾਰ ਐਲਾਨੇ ਜਾਣਗੇ।’’ ਭਾਰਤੀ ਵੁਸ਼ੂ ਫੈਡਰੇਸ਼ਨ ਦੇ ਮੁਖੀ ਭੁਪੇਂਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਇਸ ਸਮੇਂ ਆਈਓਏ ਵੱਲੋਂ ਗਠਿਤ ਐਡਹਾਕ ਕਮੇਟੀ ਡਬਲਿਊਐੱਫਆਈ ਦੇ ਰੋਜ਼ਮੱਰ੍ਹਾ ਦੇ ਕੰਮਾਂ ਦਾ ਸੰਚਾਲਨ ਕਰ ਰਹੀ ਹੈ। ਖੇਡ ਮੰਤਰਾਲੇ ਨੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਪ੍ਰਧਾਨਗੀ ਵਾਲੀ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਸੀ। ਭਾਰਤ ਦੇ ਚੋਟੀ ਦੇ ਪਹਿਲਵਾਨਾਂ ਨੇ ਬ੍ਰਿਜ ਭੂਸ਼ਨ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਹੇਠ ਪ੍ਰਦਰਸ਼ਨ ਕੀਤਾ ਸੀ।