ਮਿਜ਼ੋਰਮ: ਲਾਲਦੁਹੋਮਾ ਨੇ ਮੁੱਖ ਮੰਤਰੀ ਵਜੋਂ ਹਲਫ਼ ਲਿਆ

ਐਜ਼ੌਲ, 8 ਦਸੰਬਰ – ਜ਼ੋਰਾਮ ਪੀਪਲਜ਼ ਮੂਵਮੈਂਟ (ਜ਼ੈੱਡਪੀਐੱਮ) ਆਗੂ ਲਾਲਦੁਹੋਮਾ ਨੇ ਅੱਜ ਮਿਜ਼ੋਰਮ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਰਾਜਪਾਲ ਹਰੀ ਬਾਬੂ ਕਮਭਾਮਪਤੀ ਨੇ ਉਨ੍ਹਾਂ ਨੂੰ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਪਾਰਟੀ ਦੇ ਗਿਆਰਾਂ ਹੋਰ ਆਗੂ ਮੰਤਰੀ ਵਜੋਂ ਹਲਫ਼ ਲੈਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲਦੁਹੋਮਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਨਾਲ ਰਲ ਕੇ ਕੰਮ ਕਰੇਗੀ। ਰਾਜ ਭਵਨ ਵਿੱਚ ਰੱਖੇ ਹਲਫ਼ਦਾਰੀ ਸਮਾਗਮ ’ਚ ਮਿਜ਼ੋ ਨੈਸ਼ਨਲ ਫਰੰਟ ਆਗੂ ਤੇ ਸਾਬਕਾ ਮੁੱਖ ਮੰਤਰੀ ਜ਼ੋਰਮਥਾਂਗਾ ਵੀ ਮੌਜੂਦ ਸਨ।
ਐੱਮਐੱਨਐੱਫ ਵਿਧਾਇਕ ਦਲ ਦੇ ਆਗੂ ਲਾਲਚੰਦਾਮਾ ਰਾਲਤੇ ਸਣੇ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਵੀ ਹਲਫ਼ਦਾਰੀ ਸਮਾਗਮ ਵਿਚ ਸ਼ਿਰਕਤ ਕੀਤੀ। ਸਾਬਕਾ ਮੁੱਖ ਮੰਤਰੀ ਲਾਲ ਥਨਵਾਲਾ ਵੀ ਇਸ ਮੌਕੇ ਮੌਜੂਦ ਸਨ। ਜ਼ੋਰਾਮ ਪੀਪਲਜ਼ ਮੂਵਮੈਂਟ ਨੇ ਮੰਗਲਵਾਰ ਨੂੰ ਲਾਲਦੁਹੋਮਾ ਨੂੰ ਪਾਰਟੀ ਵਿਧਾਇਕ ਦਲ ਦਾ ਆਗੂ ਤੇ ਕੇ. ਸਪਦਾਂਗਾ ਨੂੰ ਡਿਪਟੀ ਆਗੂ ਚੁਣਿਆ ਸੀ। ਮਿਜ਼ੋਰਮ ਦੀ 40 ਮੈਂਬਰੀ ਅਸੈਂਬਲੀ ਵਿੱਚ ਮੁੱਖ ਮੰਤਰੀ ਸਣੇ ਕੁੱਲ 12 ਮੰਤਰੀ ਹੀ ਹੋ ਸਕਦੇ ਹਨ। ਜ਼ੈੱਡਪੀਐੱਮ, ਜਿਸ ਦਾ 2019 ਵਿੱਚ ਸਿਆਸੀ ਪਾਰਟੀ ਵਜੋਂ ਪੰਜੀਕਰਨ ਹੋਇਆ ਸੀ, 27 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ। 2018 ਦੀਆਂ ਚੋਣਾਂ ਵਿਚ ਇਸ ਕੋਲ ਅੱਠ ਸੀਟਾਂ ਸਨ। ਸਹੁੰ ਚੁੱਕ ਸਮਾਗਮ ਤੋਂ ਫੌਰੀ ਮਗਰੋਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਲਾਲਦੁਹੋਮਾ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਅਤੇ ਭ੍ਰਿਸ਼ਟਾਚਾਰ ਵਿਰੋਧੀ ਉਪਰਾਲਿਆਂ ਨੂੰ ਸਿਖਰਲੀ ਤਰਜੀਹ ਦੇਵੇਗੀ। ਉਨ੍ਹਾਂ ਐਲਾਨ ਕੀਤਾ ਕਿ ਅਗਲੇ 100 ਦਿਨਾਂ ਵਿੱਚ ਸਰਕਾਰ 12 ਤਰਜੀਹੀ ਪ੍ਰੋਗਰਾਮਾਂ ਨੂੰ ਲਾਗੂ ਕਰੇਗੀ।