ਬਾਬਾ ਸਾਹਿਬ ਅੰਬੇਡਕਰ ਜੀ ਦੇ 55ਵੇਂ ਪਰੀ ਨਿਰਵਾਨ ਦਿਵਸ ਤੇ ਸ਼ਰਧਾਂਜਲੀ

ਪੁਕੀਕੁਈ-ਅੰਬੇਡਕਰ ਮਿਸ਼ਨ ਸੁਸਾਇਟੀ ਨਿਊਜ਼ੀਲੈਂਡ ਦੀ ਅਗਵਾਈ ਵਿੱਚ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦਾ ੫੫ਵਾਂ ਪਰੀ ਨਿਰਵਾਸ ਦਿਵਸ 18 ਦਸੰਬਰ 2011 ਪੁੱਕੀਕੁਈ ਟਾਊਨ ਹਾਲ ਵਿੱਚ ਮਨਾਇਆ ਗਿਆ।
ਪ੍ਰ੍ਰੋਗਰਾਮ ਦੀ ਕਾਰਵਾਈ ਦਾ ਆਗਾਜ਼ ਕਰਦਿਆਂ ਸੁਸਾਇਟੀ ਦੇ ਸਕੱਤਰ ਰਾਜ ਕੁਮਾਰ ਨੇ ਹਰਬੰਸ ਨਾਲ, ਮਹਿੰਦਰ ਪਾਲ ਪ੍ਰਧਾਨ ਅਤੇ ਹੋਰ ਸਾਰੇ ਮੈਂਬਰਾ ਨੂੰ ਮੋਮਬੱਤੀ ਜਗਾਉਣ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਸੈਕਟਰੀ ਹੋਰਾਂ ਨੇ ਪ੍ਰਧਾਨ ਮਹਿੰਦਰ ਪਾਲ, ਹਰਬੰਸ ਲਾਲ, ਰਾਕੇਸ਼ ਕੁਮਾਰ, ਚਮਨ ਲਾਲ, ਸੁਖਦੇਵ ਬਧਨ, ਸੰਜੀਵ ਅਤੇ ਰੋਮਿਓ ਨੂੰ ਸਟੇਜ ‘ਤੇ ਆ ਕੇ ਵਿਰਾਜਮਾਨ ਹੋਣ ਲਈ ਕਿਹਾ। ਉਸ ਤੋਂ ਬਾਅਦ ਪ੍ਰਧਾਨ ਮਹਿੰਦਰ ਪਾਲ ਨੇ ਆਪਣੇ ਭਾਸ਼ਣ ਵਿੱਚ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਆਖਿਆ। ਪ੍ਰਧਾਨ ਦੇ ਭਾਸ਼ਣ ਤੋਂ ਬਾਅਦ ਸੁਸਾਇਟੀ ਮੈਂਬਰ ਸੋਨੂੰ ਨੇ ਗੀਤ ਰਾਹੀਂ ਬਾਬਾ ਸਾਹਿਬ ਜੀ ਨੂੰ ਸਰਧਾਂਜਲੀ ਦਿੱਤੀ ਉਸ ਤੋਂ ਬਾਅਦ ਸੁਖਦੇਵ ਬਧਨ ਨੇ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਮਿਸ਼ਨ ਤੇ ਚਾਨਣਾ ਪਾਇਆ ਅਤੇ ਸ਼ਰਧਾਂਜਲੀ ਦਿੱਤੀ। ਇੰਡੀਆ ਤੋਂ ਆਏ ਮਿਸ਼ਨਰੀ ਸਿੰਗਰ ਜੀਵਨ ਸੋਹਲ ਨੇ ਗੀਤਾਂ ਰਾਹੀਂ ਬਾਬਾ ਸਾਹਿਬ ਜੀ ਨੂੰ ਸਰਧਾਂਜਲੀ ਦੇਣ ਤੋਂ ਬਾਅਦ ਅੰਬੇਡਕਰ ਸਪੋਰਟ ਕਲੱਬ ਦੇ ਪ੍ਰਧਾਨ ਜਸਵਿੰਦਰ ਸੰਧੂ ਤੇ ਮਨਜੀਤ ਰੱਤੂ ਨੇ ਵੀ ਬਾਬਾ ਸਾਹਿਬ ਜੀ ਨੂੰ ਸ਼ਰਧਾਜਲੀ ਦਿੱਤੀ ਅਤੇ ਨਾਲ ਹੀ ਪੰਜਾਬ ਦੀਆਂ ਚੋਣਾਂ ਵਿੱਚ ਬੀ. ਐੱਸ. ਪੀ. ਨੂੰ ਜਿਤਾਉਣ ਲਈ ਹਾਥੀ ‘ਤੇ ਮੋਹਰ ਲਗਾਉਣ ਲਈ ਅਪੀਲ ਕੀਤੀ।
ਸੰਜੀਵ ਰੋਮਿਓ ਨੇ ਹਰ ਪ੍ਰੋਗਰਾਮ ਦੀ ਤਰ੍ਹਾਂ ਇਸ ਵਾਰ ਵੀ ਸਾਰੇ ਆਏ ਹੋਏ ਸਰੋਤਿਆਂ ਨੂੰ ਬਾਬਾ ਸਾਹਿਬ ਬਾਰੇ ਬਹੁਤ ਹੀ ਡੂੰਘੀ ਜਾਣਕਾਰੀ ਦਿੱਤੀ ਤੇ ਨਾਲ ਹੀ ਸ਼ਰਧਾਂਜਲੀ ਵੀ ਦਿੱਤੀ। ਉਸ ਤੋਂ ਬਾਅਦ ਸੰਨਦੀਪ (ਸੋਨੀ) ਨੇ ਗੁਰੂ ਰਵਿਦਾਸ ਅਤੇ ਬਾਬਾ ਸਾਹਿਬ ਬਾਰੇ ਗੀਤ ਗਾਏ। ਇਸ ਪ੍ਰੋਗਰਾਮ ਵਿੱਚ ਗੁਰੂ ਰਵਿਦਾਸ ਸਭਾ ਬੰਬੇ, ਬੇਗਮਪੁਰਾ ਫਾਊਂਡੇਸ਼ਨ (ਪਾਪਾਕੁਰਾ), ਅੰਬੇਡਕਰ ਸਪੋਰਟਸ ਕਲੱਬ ਅਤੇ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਨੇ ਵੀ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ। ਮਸ਼ਹੂਰ ਲੇਖਕ ਸ੍ਰੀ ਮਾਨ ਸੋਹਨ ਸਹਿਜਲ ਵਲੋਂ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਲਿੱਖੀ ਹੋਈ ਕਿਤਾਬ “ਬਾਬਾ ਸਾਹਿਬ ਡਾ. ਅੰਬੇਡਕਰ” ਸਾਰੇ ਮੈਂਬਰਾਂ ਨੇ ਮਿਲ ਕੇ ਰਿਲੀਜ਼ ਕੀਤੀ। ਉਸ ਦੇ ਨਾਲ ਹੀ ਉਨ੍ਹਾਂ ਦੀ ਲਿਖੀ ਹੋਈ ਕਿਤਾਬ “ਮੁਕਤੀ ਮਾਰਗ ਕਿਹੜਾ” ਵੀ ਰਿਲੀਜ਼ ਕੀਤੀ ਗਈ। ਇਸ ਸਮੇਂ ਸੋਹਨ ਸਹਿਜਲ ਜੀ ਦਾ ਖਾਸ ਧੰਨਵਾਦ ਕੀਤਾ ਗਿਆ। ਅੰਤ ਵਿੱਚ ਰਾਜ ਕੁਮਾਰ ਨੇ ਧੰਨਵਾਦ ਦੇ ਸ਼ਬਦ ਕਹੇ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਤੇ ਬਾਬੂ ਕਾਸ਼ੀ ਰਾਮ ਦੁਆਰਾ ਦਰਸਾਏ ਗਏ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਸਮਾਗਮ ਦੌਰਾਨ ਸੁਸਾਇਟੀ ਵਲੋਂ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। ਸੁਸਾਇਟੀ ਵਲੋਂ ਇਕ ਵਾਰ ਫਿਰ ਸਾਰੇ ਹੀ ਮੈਂਬਰਾਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਵਿੱਚ ਹਿੱਸਾ ਪਾਇਆ, ਉਨ੍ਹਾਂ ਦਾ ਬਹੁਤ ਧੰਨਵਾਦ ਕੀਤਾ।
ਪ੍ਰੋਗਰਾਮ ਦੀ ਸਮਾਪਤੀ “ਜੈ ਭੀਮ ਜੈ ਭਾਰਤ” ਦੇ ਨਾਅਰੇ ਨਾਲ ਕੀਤੀ ਗਈ।