ਯਾਰੀ ਨਾਲੋਂ ਵੱਧ ਚੀਜ਼ ਪਿਆਰੀ ਕੋਈ ਨਾ…

ਆਕਲੈਂਡ-ਬੀਤੇ ਦਿਨੀਂ ਸ. ਹਰਭਜਨ ਸਿੰਘ ਟੋਨੀ ਕਿਡਨੀ ਟਰਾਂਸਪਲਾਟ ਤੋਂ ਬਾਅਦ ਵਾਪਸ ਆਪਣੇ ਮਿੱਤਰਾਂ ਦੇ ਘੇਰੇ ਵਿੱਚ ਪਹੁੰਚ ਗਏ ਹਨ। ਉਨ੍ਹਾਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਬੀਤੇ ਕਈ ਮਹੀਨਿਆਂ ਤੋਂ ਉਹ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਸਨ। ਇਨ੍ਹਾਂ ਹਾਲਾਤਾਂ ਵਿੱਚ ਕਿਡਨੀ ਟਰਾਂਸਪਲਾਟ ਜ਼ਰੂਰੀ ਹੋ ਗਿਆ ਸੀ। ਦੁਨੀਆਂ ਵਿੱਚ ਹਾਲੇ ਵੀ ਜਿਗਰੀ ਦੋਸਤਾਂ ਦੀ ਕਮੀ ਨਹੀਂ ਹੈ। ਸੋ ਉਨ੍ਹਾਂ ਦੇ ਪੁਰਾਣੇ ਮਿੱਤਰ ਗੁਰਿੰਦਰ ਸਿੰਘ ਗੁਰੀ ਹੋਰਾਂ ਨੇ ਕਿਡਨੀ ਦੀ ਪੇਸ਼ਕਸ਼ ਕੀਤੀ ਪਰ ਬਲੱਡ ਗਰੁੱਪ ਇਕੋ ਜਿਹਾ ਨਾ ਹੋਣ ਕਾਰਣ ਨਿਰਾਸ਼ਾ ਹੋਈ। ਇਸ ਦੌਰਾਨ ਗੁਰੀ ਹੋਰਾਂ ਦੀ ਪਤਨੀ ਰੀਨਾ ਦਾ ਬਲੱਡ ਗਰੁੱਪ ਮੇਲ ਖਾ ਗਿਆ। ਡਾਕਟਰਾਂ ਨੇ ਤਨਦੇਹੀ ਨਾਲ ਇਲਾਜ ਕਰਦਿਆਂ ਰੀਨਾ ਜੀ ਦੀ ਇਕ ਕਿਡਨੀ, ਟੋਨੀ ਹੋਰਾਂ ਦੇ ਸਰੀਰ ਵਿੱਚ ਟਰਾਂਸਪਲਾਟ ਕਰ ਦਿੱਤੀ। ਗੁਰੀ ਅਤੇ ਰੀਨਾ ਦੋਵੇਂ ਸਰਕਾਰੀ ਨੌਕਰੀ ਕਰਦੇ ਹਨ ਅਤੇ ਆਮ ਰੁਟੀਨ ਨਾਲੋਂ ਹੱਟ ਕੇ ਆਪਣੀ ਦੋਸਤੀ ਦੇ ਮੱਦੇਨਜ਼ਰ ਏਡੀ ਵੱਡੀ ਮਿਸਾਲ ਕਾਇਮ ਕਰ ਗਏ। ਵੀਰ ਹਰਭਜਨ ਸਿੰਘ ਟੋਨੀ ਹੌਲੀ-ਹੌਲੀ ਸਿਹਤਯਾਬ ਹੋ ਰਹੇ ਹਨ ਅਤੇ ਇਸ ਜੋੜੀ ਦਾ ਅਹਿਸਾਨ ਕਦੇ ਵੀ ਨਾ ਭੁੱਲਣ ਦੀ ਗੱਲ ਕਰਦੇ ਹਨ।