ਬਾਰਡਰਾਂ ‘ਤੇ ਕਿਸਾਨੀ ਸੰਘਰਸ਼ ਦੇ 100 ਦਿਨ ਪੂਰੇ, ਕਿਸਾਨਾਂ ਨੇ ਕੀਤੀਆਂ 5 ਘੰਟਿਆਂ ਲਈ ਸੜਕਾਂ ਜਾਮ

ਨਵੀਂ ਦਿੱਲੀ, 7 ਮਾਰਚ – 6 ਮਾਰਚ ਨੂੰ ਦਿੱਲੀ ਦੇ ਬਾਰਡਰਾਂ ‘ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ 100 ਦਿਨ ਪੂਰੇ ਹੋਣ ‘ਤੇ ਕਿਸਾਨਾਂ ਨੇ ਅੱਜ ਦਿੱਲੀ ਦੇ ਆਊਟਰ ਰਿੰਗ ਰੋਡ ਨੂੰ ਜਾਮ ਕੀਤਾ। ਉਨ੍ਹਾਂ ਦਿੱਲੀ ਦੇ ਚੁਫੇਰਿਓਂ ਲੰਘਦੇ ਪੱਛਮੀ ਤੇ ਪੂਰਬੀ ਪੈਰੀਫੇਰੀਅਲ ਐਕਸਪ੍ਰੈੱਸਵੇਅ ਦੇ ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਅਤੇ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਮਾਰਗ ਜਾਮ ਕੀਤੇ। ਅੱਜ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਉਂਦਿਆਂ ਸਵੇਰੇ 11.00 ਤੋਂ ਲੈ ਕੇ ਸ਼ਾਮ 4.00 ਵਜੇ ਤੱਕ ਸੜਕਾਂ ਬੰਦ ਰੱਖੀਆਂ ਗਈਆਂ ਅਤੇ ਹਜ਼ਾਰਾਂ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਸੜਕਾਂ ਜਾਮ ਕਰਨ ਦੇ ਦਿੱਤੇ ਗਏ ਸੱਦੇ ‘ਚ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਹਰਿਆਣਵੀਆਂ ਨੇ ਵੀ ਬੰਦ ‘ਚ ਭਰਪੂਰ ਸਾਥ ਦਿੱਤਾ ਅਤੇ ਉਹ ਆਪਣੇ ਟਰੈਕਟਰ ਲੈ ਕੇ ਸੜਕ ਜਾਮ ਕਰਨ ਲਈ ਪੁੱਜੇ। ਕਿਸਾਨਾਂ ਨੇ ਹੱਥਾਂ ‘ਚ ਕਾਲੇ ਝੰਡੇ ਫੜੇ ਹੋਏ ਸਨ ਜਦੋਂ ਕਿ ਕੁੱਝ ਨੇ ਬਾਂਹਾਂ ‘ਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਸਨ। ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਦੇ ਵਿਰੋਧ ‘ਚ ਕੁਝ ਮਹਿਲਾ ਅੰਦੋਲਨਕਾਰੀਆਂ ਨੇ ਕਾਲੇ ਦੁਪੱਟੇ ਸਿਰਾਂ ‘ਤੇ ਲਏ ਹੋਏ ਸਨ। ਨੌਜਵਾਨਾਂ ਨੇ 5 ਘੰਟੇ ਦੇ ਜਾਮ ਦੌਰਾਨ ਹਰ ਪਾਸੇ ਨਜ਼ਰ ਰੱਖੀ। ਜ਼ਰੂਰੀ ਸੇਵਾਵਾਂ ਵਾਲੀਆਂ ਗੱਡੀਆਂ ਨੂੰ ਹੀ ਮਾਰਗਾਂ ਤੋਂ ਲੰਘਣ ਦਿੱਤਾ ਗਿਆ ਅਤੇ ਟੌਲ ਪਲਾਜ਼ੇ ਪਰਚੀ ਮੁਕਤ ਰੱਖੇ ਗਏ। ਪੁਲੀਸ ਨੇ ਜਾਮ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।