ਮਹਿਲਾ ਦਿਵਸ ‘ਤੇ ਵਿਸ਼ੇਸ਼: ‘ਸਮਾਜ ਸਿਰਜਣ ਵਿੱਚ ਔਰਤ ਦਾ ਯੋਗਦਾਨ ਅਹਿਮ’

ਲੇਖਕਾ: ਬਲਜਿੰਦਰ ਕੌਰ ਸ਼ੇਰਗਿੱਲ, ਮੋਹਾਲੀ ਮੋਬਾਈਲ: 0091 98785 19278

ਦੇਸ਼ ਭਰ ਵਿੱਚ ਹਰ ਸਾਲ 8 ਮਾਰਚ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਹੱਤਵ ਔਰਤਾਂ ਨੂੰ ਇਸ ਦਿਨ ਸਨਮਾਨਿਤ ਕਰ ਉਨ੍ਹਾਂ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਇਸ ਦਿਨ ਦੀ ਖ਼ਾਸੀਅਤ ਵਿੱਚ ਹਰ ਵਿਅਕਤੀ ਆਪਣਾ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਵੀ ਕਰਦਾ ਹੈ। ਹਰ ਇਕ ਵਿਅਕਤੀ ਦੇ ਜੀਵਨ ਦਾ ਮਹੱਤਵ ਔਰਤ ਨਾਲ ਜ਼ਰੂਰ ਹੁੰਦਾ ਹੈ ਭਾਵੇਂ ਉਹ ਮਾਂ ਜਾਂ ਬੇਟੀ, ਭੈਣ, ਭਰਜਾਈ, ਦਾਦੀ, ਨਾਨੀ, ਪਤਨੀ ਆਦਿ ਦੇ ਰੂਪ ਵਿੱਚ ਕਿਉਂ ਨਾ ਹੋਵੇ। ਜਦੋਂ ਕੋਈ ਜੀਵ ਇਸ ਧਰਤੀ ਉੱਤੇ ਜਨਮ ਲੈਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਇੱਕ ਔਰਤ ਦੀ ਛੋਹ ਪ੍ਰਾਪਤ ਕਰਦਾ ਹੈ ਭਾਵ ਮਾਂ-ਮਾਂ ਕਰਦਾ ਹੈ। ਇਸ ਜੀਵਨ ਦੀ ਉਤਪਤੀ ਦਾ ਆਧਾਰ ਔਰਤ ਹੈ।
ਅੱਜ ਦੌਰ ਦੀ ਜੇਕਰ ਗੱਲ ਕਰੀਏ ਤਾਂ ਔਰਤ ਨੂੰ ਸਮਾਜ ਵਿੱਚ ਭਾਵੇਂ ਬਰਾਬਰਤਾ ਦਾ ਦਰਜ ਪ੍ਰਾਪਤ ਹੋ ਚੁੱਕਾ ਹੈ ਪਰ ਫਿਰ ਵੀ ਔਰਤਾਂ ਨਾਲ ਹੋ ਰਹੀਆਂ ਜਾਤੀਆਂ ਨਾਲ ਸਭ ਭਲੀ-ਭਾਂਤੀ ਜਾਣੂੰ ਹਨ। ਅੱਜ ਦੀ ਔਰਤ ਮੋਢੇ ਨਾਲ ਮੋਢਾ ਜੋੜ ਕਿ ਕੰਮ ਕਰਨ ਦੀ ਹਿੰਮਤ ਰੱਖਦੀ ਹੈ। ਜੇਕਰ ਭਾਰਤ ਵਿੱਚ ਨਾਰੀ ਦੀ ਗੱਲ ਕੀਤੀ ਜਾਵੇ ਇਹ ਧਰਤੀ ਉੱਤੇ ਦਹਾਕਿਆਂ ਪਹਿਲਾਂ ਵੀ ਇਨਕਲਾਬੀ, ਬੀਰਤਾ, ਤੇ ਸਾਹਸੀ ਮਹਿਲਾਵਾਂ ਦੀ ਗਾਥਾ ਹਰ ਇੱਕ ਬੱਚੇ ਬੱਚੇ ਦੀ ਜ਼ੁਬਾਨੀ ਸੁਣੀਆਂ ਜਾਂ ਸਕਦੀਆਂ ਹਨ। ਭਾਰਤ ਵਿੱਚ ਅੰਗਰੇਜ਼ਾਂ ਨਾਲ ਟੱਕਰ ਲੈਣੀ ਵਾਲੀ ਬੀਰਤਾ ਦੀ ਮਿਸਾਲ ਰਾਣੀ ਲੱਛਮੀ ਭਾਈ ਝਾਂਸੀ ਦੀ ਰਾਣੀ ਇਤਿਹਾਸ ਦੇ ਪੰਨਿਆਂ ‘ਤੇ ਪੜ੍ਹੀ ਜਾ ਸਕਦੀਆਂ ਹਨ। ਇਹ ਉਹ ਔਰਤ ਹੈ ਜੋ ਇੱਕ ਗ਼ੁਲਾਮ ਮੁਲਕ ਵਿੱਚ ਬੀਰਤਾ ਬਹਾਦਰੀ ਨਾਲ ਅੰਗਰੇਜ਼ਾਂ ਨਾਲ ਲੋਹ ਲੈ ਸਕੀ ਅਤੇ ਜੰਗ ਦੇ ਮੈਦਾਨ ਵਿੱਚ ਆਪਣੇ ਬੱਚੇ ਨੂੰ ਕਮਰ ‘ਤੇ ਬੰਨ੍ਹ ਖ਼ੂਬ ਲੜੀ ਇਹ ਝਾਂਸੀ ਦੀ ਰਾਣੀ ਸੀ। ਗੁਰੂਆਂ ਪੀਰਾਂ ਦੀ ਧਰਤੀ ‘ਤੇ ਬੀਰਤਾ ਦੇ ਸਹਿਣਸ਼ੀਲਤਾ ਦੀ ਮਿਸਾਲ ਮਾਤਾ ਗੁਜਰੀ ਜੀ ਨੇ ਹਨ ਜਿਨ੍ਹਾਂ ਆਪਣੀ ਸਹਿਣਸ਼ੀਲਤਾ ਤੇ ਧਰਮ ਨਿਰਪੱਖ ਹੋ ਕਿ ਲੱਖਾਂ ਕੁਰਬਾਨੀਆਂ ਸਹਿ ਕਿ ਵੀ ਹਿੰਮਤ ਨਾ ਹਾਰੀ। ਉਨ੍ਹਾਂ ਦੇ ਜੀਵਨ ਦੀ ਸਿੱਖਿਆ ਤੋਂ ਹਰ ਇੱਕ ਨੂੰ ਕੁੱਝ ਨਾ ਕੁੱਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ। ਚੰਨ ‘ਤੇ ਸੈਰ ਕਰ ਵਾਪਸ ਧਰਤੀ ‘ਤੇ ਆਉਂਦੇ ਆਉਂਦੇ ਕਿੰਝ ਕਲਪਨਾ ਚਾਵਲਾ ਦਾ ਜੀਵਨ ਇੱਕ ਮਿਸਾਲ ਦੀ ਤੌਰ ‘ਤੇ ਰਹਿ ਗਿਆ ਹੈ। ਇਹ ਔਰਤਾਂ ਉਹੀ ਔਰਤਾਂ ਹਨ ਜੋ ਕੁੱਝ ਵੀ ਕਰਨ ਦਾ ਸਾਹਸ ਰੱਖਦੀਆਂ ਸਨ। ਇਸ ਤਰ੍ਹਾਂ ਅਨੇਕਾਂ ਔਰਤਾਂ ਨੇ ਆਪਣੇ ਜੀਵਨ ਨੂੰ ਕਿਸੇ ਨਾ ਕਿਸੇ ਲੇਖੇ ਲਾ ਸੰਸਾਰ ਨੂੰ ਇਸ ਸਮਾਜ ਨੂੰ ਚੰਗੀ ਸੇਧ ਦਿੱਤੀ ਹੈ।
ਔਰਤ ਦਾ ਸਮਾਜ ਨੂੰ ਸਿਰਜਣ ਵਿੱਚ ਵੱਡਾ ਯੋਗਦਾਨ ਪਾ ਉਸ ਪਰਮਾਤਮਾ ਵੱਲੋਂ ਦਿੱਤੀ ਡਿਊਟੀ ਬਾਖ਼ੂਬੀ ਨਿਭਾ ਰਹੀ ਹੈ। ਸੰਸਾਰ ਭਰ ਵਿੱਚ ਔਰਤ ਔਕੜਾਂ ਦਾ ਸਾਹਮਣਾ ਕਰਦੇ ਕਰਦੇ ਵੀ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਯੋਗਦਾਨ ਪਾ ਰਹੀਆਂ ਹਨ। ਕੁੱਝ ਔਰਤਾਂ ਅੱਜ ਵੱਡੇ ਵੱਡੇ ਅਹੁਦਿਆਂ ‘ਤੇ ਬੈਠ ਸਮਾਜ ਨੂੰ ਅਗਾਂਹਵਧੂ ਲਿਜਾਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਅੱਜ ਹਰ ਵਰਗ ਦੀਆਂ ਔਰਤਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝ ਕਿ ਆਪਣੇ ਆਪਣੇ ਘਰਾਂ ਵਿੱਚ ਬਰਾਬਰ ਯੋਗਦਾਨ ਪਾ ਰਹੀਆਂ ਹਨ। ਪਹਿਲਾਂ ਦੌਰ ਵਿੱਚ ਸੀ ਕਿ ਮਰਦ ਕਮਾ ਕੇ ਲਿਆਉਣ ‘ਤੇ ਹੀ ਘਰ ਦਾ ਖਰਚਾ ਚੱਲਦਾ ਸੀ। ਪਰ ਹੁਣ ਔਰਤ ਘਰਾਂ ਅੰਦਰ ਕੈਦ ਨਹੀਂ ਹੈ। ਅੱਜ ਸਿੱਖਿਆ ਦੇ ਦੌਰ ਵਿੱਚ ਲੜਕੀਆਂ ਲੜਕਿਆਂ ਨਾਲੋਂ ਦੋ ਗੁਣਾ ਅੱਗੇ ਜਾ ਰਹੀਆਂ ਹਨ। ਅੱਜ ਔਰਤ ਵਿੱਦਿਆ ਹਾਸਿਲ ਕਰ ਸਫ਼ਲਤਾ ਪਾਉਣ ਦੀ ਤਾਕਤ ਰੱਖਦੀ ਹੈ, ਦੌਰ ਅਜਿਹਾ ਆ ਗਿਆ ਹੈ ਕਿ ਪੜ੍ਹਾਈ ਹਾਸਿਲ ਕਰਨ ਤੋਂ ਬਾਅਦ ਖ਼ੁਦ ਨੂੰ ਕਾਮਯਾਬ ਬਣਾਉਣਾ ਜ਼ਰੂਰੀ ਹੈ। ਹੁਣ ਔਰਤ ਚੁੱਲ੍ਹੇ ਚੌਂਕੇ ਛੱਡ ਪੁਲਾੜ ਤੱਕ ਪਹੁੰਚ ਗਈਆਂ ਹਨ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ