ਬਾਲੀਵੁੱਡ ਦੇ ਸੁਪਰ ਸਟਾਰ ਰਾਜੇਸ਼ ਖੰਨਾ ਦਾ ਦੇਹਾਂਤ

ਅੰਮ੍ਰਿਤਸਰ ‘ਚ ਜਨਮੇ ਰਾਜੇਸ਼ ਖੰਨਾ ਨੇ ਬਾਲੀਵੁੱਡ ਨੂੰ ਦਿੱਤੀਆਂ ਕਈ ਹਿੱਟ ਫਿਲਮਾਂ 
ਮੁੰਬਈ – ਬਾਲੀਵੁੱਡ ਦੇ ਸੁਪਰ ਸਟਾਰ ਰਾਜੇਸ਼ ਖੰਨਾ ਦਾ 18 ਜੁਲਾਈ ਨੂੰ –ਦੇਹਾਂਤ ਹੋ ਗਿਆ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਆਪਣੇ ਘਰ ‘ਚ ਆਖਰੀ ਸਾਹ ਲਏ, ਜਿਸ ਸਮੇਂ ਰਾਜੇਸ਼ ਖੰਨਾ ਦਾ ਦੇਹਾਂਤ ਹੋਇਆ, ਉਸ ਸਮੇਂ ਉਨ੍ਹਾਂ ਦੀ ਬੇਟੀ ਟਵਿੰਕਲ ਖੰਨਾ, ਜਵਾਈ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਡਿੰਪਲ ਕਪਾਡੀਆ ਉਨ੍ਹਾਂ ਕੋਲ ਮੌਜੂਦ ਸੀ। ‘ਕਾਕਾ’ ਦੇ ਨਾਮ ਨਾਲ ਮਸ਼ਹੂਰ ਰਾਜੇਸ਼ ਖੰਨਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ।
69 ਸਾਲਾ ਰਾਜੇਸ਼ ਖੰਨਾ ਨੂੰ ਕਮਜ਼ੋਰੀ ਦੀ ਸ਼ਿਕਾਇਤ ਕਾਰਨ ਲੀਲਾਵਤੀ ਹਸਪਤਾਲ ਵਿੱਚ ਦੁਬਾਰਾ ਦਾਖਲ ਕਰਵਾਇਆ ਗਿਆ ਸੀ, ਜਿਥੋਂ ਉਸ ਦਾ ਪਰਿਵਾਰ ਉਨ੍ਹਾਂ ਨੂੰ ਵਾਪਸ ਘਰ ਲਿਆਇਆ ਸੀ।
ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਰੁਸਤਮ-ਏ-ਹਿੰਦ ਦਾਰਾ ਸਿੰਘ ਦੀ ਮੌਤ ਤੋਂ ਬਾਲੀਵੁੱਡ ਉਭਰ ਨਹੀਂ ਪਾਇਆ ਸੀ, ਉਥੇ ਰਾਜੇਸ਼ ਖੰਨਾ ਦੀ ਮੌਤ ਨਾਲ ਹੋਰ ਗਹਿਰਾ ਸਦਮਾ ਲੱਗਿਆ। ਜ਼ਿਕਰਯੋਗ ਹੈ ਕਿ ਇਹ ਦੋਵੇਂ ਸੁਪਰ ਸਟਾਰਾਂ ਦਾ ਸਬੰਧ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੀ। ਦਾਰਾ ਸਿੰਘ ਦਾ ਜਨਮ ਅੰਮ੍ਰਿਤਸਰ ਦੇ ਧਰਮੂਚੱਕ ਪਿੰਡ ਵਿੱਚ ਹੋਇਆ, ਜਦੋਂ ਕਿ ਰਾਜੇਸ਼ ਖੰਨਾ 29 ਦਸੰਬਰ 1942 ਨੂੰ ਅੰਮ੍ਰਿਤਸਰ ਵਿੱਚ ਪੈਦਾ ਹੋਏ।
ਰਾਜੇਸ਼ ਖੰਨਾ ਦਾ ਅਸਲੀ ਨਾਂਅ ਜਤਿਨ ਖੰਨਾ ਸੀ। ਉਨ੍ਹਾਂ ਨੇ ਸਾਲ 1966 ਵਿੱਚ ਪਹਿਲੀ ਵਾਰ 24 ਸਾਲ ਦੀ ਉਮਰ ਵਿੱਚ ‘ਆਖ਼ਰੀ ਖ਼ਤ’ ਨਾਮਕ ਫਿਲਮ ਵਿੱਚ ਕੰਮ ਕੀਤਾ ਸੀ। ਇਸ ਤੋਂ ਬਾਅਦ ਰਾਜ, ਬਹਾਰੋਂ ਕੇ ਸਪਨੇ, ਔਰਤ ਕੇ ਰੂਪ ਜੈਸੀ ਕਈ ਫਿਲਮਾਂ ਉਨ੍ਹਾਂ ਨੇ ਕੀਤੀਆਂ, ਪਰ ਉਨ੍ਹਾਂ ਨੂੰ ਅਸਲੀ ਕਾਮਯਾਬੀ 1969ਵਿੱਚ ਫਿਲਮ ‘ਅਰਾਧਨਾ’ ਨਾਲ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ 14 ਸੁਪਰ ਹਿੱਟ ਫਿਲਮਾਂ ਦੇ ਕੇ ਉਨ੍ਹਾਂ ਨੇ ਹਿੰਦੀ ਫਿਲਮਾਂ ਦੇ ਪਹਿਲੇ ਸੁਪਰ ਸਟਾਰ ਦਾ ਤਮਗਾ ਆਪਣੇ ਨਾਮ ਕਰ ਲਿਆ।
ਉਨ੍ਹਾਂ ਨੇ 1973 ਵਿੱਚ ਡਿੰਪਲ ਕਪਾਡੀਆ ਨਾਲ ਵਿਆਹ ਕਰਵਾਇਆ, ਜਿਸ ਤੋਂ ਦੋ ਧੀਆਂ ਟਵਿੰਕਲ ਖੰਨਾ ਅਤੇ ਰਿੰਕੀ ਖੰਨਾ ਹੋਈਆਂ।
1971 ਵਿੱਚ ਰਾਜੇਸ਼ ਖੰਨਾ ਨੇ ਕਟੀ ਪਤੰਗ, ਆਨੰਦ, ਆਨ ਮਿਲੋ ਸਜਨਾ, ਮੁਹੱਬਤ ਕੀ ਮਹਿੰਦੀ, ਹਾਥੀ ਮੇਰੇ ਸਾਥੀ, ਅੰਦਾਜ਼ ਨਾਮਕ ਫਿਲਮਾਂ ਨਾਲ ਆਪਣੀ ਕਾਮਯਾਬੀ ਦਾ ਝੰਡੇ ਗੱਡ ਦਿੱਤੇ। 1980 ਤੋਂ ਬਾਅਦ ਰਾਜੇਸ਼ ਖੰਨਾ ਦਾ ਦੌਰ ਖ਼ਤਮ ਹੋਣ ਲੱਗਿਆ। ਬਾਅਦ ਵਿੱਚ ਉਹ ਰਾਜਨੀਤੀ ਵਿੱਚ ਆਏ ਅਤੇ 1991 ਵਿੱਚ ਉਹ ਨਵੀਂ ਦਿੱਲੀ ਤੋਂ ਕਾਂਗਰਸ ਦੀ ਟਿਕਟ ‘ਤੇ ਸੰਸਦ ਮੈਂਬਰ ਚੁਣੇ ਗਏ। 1994 ਵਿੱਚ ਉਨ੍ਹਾਂ ਨੇ ਇਕ ਵਾਰ ਫਿਰ ਖੁਦਾਈ ਫਿਲਮ ਤੋਂ ਪਰਦੇ ‘ਤੇ ਵਾਪਸੀ ਦੀ ਕੋਸ਼ਿਸ਼ ਕੀਤੀ। ਆ ਅਬ ਲੌਟ ਚਲੇਂ, ਕਯਾ ਦਿਲ ਨੇ ਕਹਾ, ਜਾਨਾ, ਵਫਾ ਵਰਗੀਆਂ ਫਿਲਮਾਂ ਵਿੱਚ ਉਨ੍ਹਾਂ ਨੇ ਅਭਿਨੈ ਕੀਤਾ, ਪਰ ਇਨ੍ਹਾਂ ਫਿਲਮਾਂ ਨੂੰ ਕੋਈ ਵੱਡੀ ਸਫ਼ਲਤਾ ਨਾ ਮਿਲ ਸਕੀ।