ਬਿੱਲ ਇੰਗਲਿਸ਼ ਨਿਊਜ਼ੀਲੈਂਡ ਦੇ 39ਵੇਂ ਪ੍ਰਧਾਨ ਮੰਤਰੀ ਬਣੇ

1481496872582ਵੈਲਿੰਗਟਨ – 12 ਦਸੰਬਰ ਦਿਨ ਸੋਮਵਾਰ ਨੂੰ ਸੱਤਾਧਾਰੀ ਨੈਸ਼ਨਲ ਪਾਰਟੀ ਦੀ ਹੋਈ ਮੀਟਿੰਗ ਵਿੱਚ ਸ੍ਰੀ ਬਿੱਲ ਇੰਗਲਿਸ਼ ਪਾਰਟੀ ਲੀਡ ਬਣਾਉਣ ਦੇ ਨਾਲ ਹੀ ਦੇਸ਼ ਦੇ 39ਵੇਂ ਪ੍ਰਧਾਨ ਮੰਤਰੀ ਬਣ ਗਏ। ਪਾਰਟੀ ਮੈਂਬਰਾਂ ਨੇ ਉਨ੍ਹਾਂ ਦੇ ਨਾਲ ਉਪ ਪ੍ਰਧਾਨ ਮੰਤਰੀ ਸ੍ਰੀਮਤੀ ਪਾਉਲਾ ਬੈਨੇਟ ਨੂੰ ਬਣਾਇਆ ਗਿਆ ਹੈ। ਗਵਰਨਰ ਹਾਊਸ ਵਿਖੇ ਗਵਰਨਰ ਜਨਰਲ ਸ੍ਰੀਮਤੀ ਡੈਮ ਪੈਟਸੀ ਰੈਡੀ ਨੇ ੫੪ ਸਾਲਾ ਸ੍ਰੀ ਬਿੱਲ ਇੰਗਲਿਸ਼ ਨੂੰ ਦੇਸ਼ ਦੇ 39ਵੇਂ ਪ੍ਰਧਾਨ ਮੰਤਰੀ ਵਜੋਂ ਸੂੰਹ ਚੁੱਕੀ। ਉਨ੍ਹਾਂ ਨੇ ਸਾਬਕਾ ਹੋਏ ਪ੍ਰਧਾਨ ਮੰਤਰੀ ਜਾਨ ਕੀ ਦਾ ਸਥਾਨ ਲਿਆ ਹੈ। ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਲੈਣ ਦੇ ਬਾਅਦ ਸ੍ਰੀ ਇੰਗਲਿਸ਼ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਨ ਅਤੇ ਸਾਰੇ ਸਾਥੀਆਂ ਦੇ ਧੰਨਵਾਦੀ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਰਥਕ ਤਰੱਕੀ ਦੀ ਰਫ਼ਤਾਰ ਨੂੰ ਬਰਕਰਾਰ ਰੱਖਿਆ ਜਾਵੇਗਾ।
ਗੌਰਤਲਬ ਹੈ ਕਿ ਤਤਕਾਲੀਨ ਪ੍ਰਧਾਨ ਮੰਤਰੀ ਸ੍ਰੀ ਜਾਨ ਕੀ ਨੇ ਬੀਤੀ 5 ਦਸੰਬਰ ਨੂੰ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਸੀ, ਜਿਨ੍ਹਾਂ ਨੇ ਅੱਜ ਸੱਤਾਧਾਰੀ ਨੈਸ਼ਨਲ ਪਾਰਟੀ ਦੇ ਮੈਂਬਰਾਂ ਦੀ ਹੋਈ ਪਾਰਟੀ ਮੀਟਿੰਗ ਵਿੱਚ ਰਸਮੀ ਤੌਰ ‘ਤੇ ਪ੍ਰਧਾਨ ਮੰਤਰੀ ਅਤੇ ਪਾਰਟੀ ਲੀਡਰ ਦਾ ਅਹੁਦਾ ਛੱਡ ਦਿੱਤਾ। ਇਸ ਮੀਟਿੰਗ ਦੌਰਾਨ ਪਾਰਟੀ ਨੇ ਸਰਬਸੰਮਤੀ ਨਾਲ ਸ੍ਰੀ ਬਿਲ ਇੰਗਲਿਸ਼ ਜੋ ਕਿ ਪਹਿਲਾਂ ਉਪ ਪ੍ਰਧਾਨ ਮੰਤਰੀ ਚੱਲ ਰਹੇ ਸਨ ਨੂੰ ਆਪਣਾ ਨਵਾਂ ਪਾਰਟੀ ਲੀਡਰ ਚੁਣ ਲਿਆ ਜਿਸ ਨਾਲ ਉਨ੍ਹਾਂ ਦਾ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਸੀ। ਇਸ ਦੇ ਕੁੱਝ ਹੀ ਘੰਟੇ ਬਾਅਦ ਇੰਗਲਿਸ਼ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਕਬੂਲ ਕਰ ਲਿਆ। ਇਸੇ ਪਾਰਟੀ ਮੀਟਿੰਗ ਦੌਰਾਨ ਹੀ ਪਾਰਟੀ ਦੀ ਉਪ ਲੀਡਰ ਮੈਡਮ ਪਾਉਲਾ ਬੈਨੇਟ ਨੂੰ ਚੁਣਿਆ ਗਿਆ, ਜਿਸ ਨਾਲ ਉਹ ਉਪ ਪ੍ਰਧਾਨ ਮੰਤਰੀ ਬਣ ਗਈ। ਸਾਂਸਦ ਪਾਉਲਾ ਬੈਨੇਟ ਵਾਈਕਾਟੋ ਸੰਸਦੀ ਹਲਕੇ ਤੋਂ ਮੈਂਬਰ ਆਫ਼ ਪਾਰਲੀਮੈਂਟ ਹਨ ਅਤੇ ਸਾਬਕਾ ਪ੍ਰਧਾਨ ਮੰਤਰੀ ਜਾਨ ਕੀ ਦੀ ਕੈਬਨਿਟ ਵਿੱਚ ਬੈਨਿਟ ਮਨਿਸਟਰੀ ਆਫ਼ ਕਲਾਈਮੈਟ ਚੇਂਜ ਇਸ਼ੂਜ਼, ਮਨਿਸਟਰ ਫ਼ਾਰ ਸੋਸ਼ਲ ਹਾਊਸਿੰਗ ਅਤੇ ਮਨਿਸਟਰ ਆਫ਼ ਸਟੇਟ ਸਰਵਿਸਿਜ਼ ਸਨ। ਹੁਣ ਨੈਸ਼ਨਲ ਪਾਰਟੀ ਦੇਸ਼ ਵਿੱਚ 2017 ‘ਚ ਹੋਣ ਵਾਲੀਆਂ ਆਮ ਚੋਣਾਂ ਸ੍ਰੀ ਬਿੱਲ ਇੰਗਲਿਸ਼ ਦੀ ਅਗਵਾਈ ਵਿੱਚ ਹੀ ਲੜੇਗੀ।
ਜ਼ਿਕਰਯੋਗ ਹੈ ਕਿ ਦੇਸ਼ ਤਤਕਾਲੀਨ ਪ੍ਰਧਾਨ ਮੰਤਰੀ ਸ੍ਰੀ ਜਾਨ ਕੀ ਨੇ ਬੀਤੀ 5 ਦਸੰਬਰ ਨੂੰ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਸੀ, ਜਿਸ ਦਾ ਕਾਰਣ ਉਨ੍ਹਾਂ ਨੇ ਪਰਿਵਾਰ ਨੂੰ ਸਮਾਂ ਦੇਣਾ ਦੱਸਿਆ ਸੀ। ਜਾਨ ਕੀ ਨੇ ੮ ਸਾਲ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਅਤੇ ਸ੍ਰੀ ਬਿਲ ਇੰਗਲਿਸ਼ ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਵਿੱਤ ਮੰਤਰੀਆਂ ਸਨ।