ਭਾਰਤੀ ਮੂਲ ਦੇ ਅਮਰੀਕੀਆਂ ਦੀ ਵੱਡੀ ਬਹੁਗਿਣਤੀ ਬਾਈਡੇਨ ਦੀ ਹਮਾਇਤੀ – ਸਰਵੇ

ਕੈਲੀਫੋਰਨੀਆ 16 ਅਕਤੂਬਰ (ਹੁਸਨ ਲੜੋਆ ਬੰਗਾ) – ਭਾਰਤੀ ਮੂਲ ਦੇ ਅਮਰੀਕੀਆਂ ਦੀ ਵੱਡੀ ਬਹੁਗਿਣਤੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਿਕ ਉਮੀਦਵਾਰ ਜੋ ਬਾਈਡੇਨ ਤੇ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਕਮਲਾ ਹੈਰਿਸ ਨੂੰ ਵੋਟ ਪਾਉਣਾ ਚਾਹੁੰਦੀ ਹੈ। ਇਹ ਪ੍ਰਗਟਾਵਾ ਇਕ ਤਾਜ਼ਾ ਸਰਵੇ ਵਿੱਚ ਹੋਇਆ ਹੈ। 2020 ਇੰਡੀਅਨ ਅਮੈਰੀਕਨ ਐਟੀਚਿਊਟ ਸਰਵੇ ਅਨੁਸਾਰ 72% ਭਾਰਤੀ-ਅਮਰੀਕੀ ਭਾਈਚਾਰਾ ਬਾਈਡੇਨ ਤੇ ਕਮਲਾ ਹੈਰਿਸ ਨੂੰ ਵੋਟ ਪਾਉਣੀ ਚਾਹੁੰਦਾ ਹੈ ਜਦ ਕਿ 22% ਡੋਨਾਲਡ ਟਰੰਪ ਦੇ ਹੱਕ ਵਿਚ ਹਨ। 3% ਕਿਸੇ ਤੀਸਰੇ ਉਮੀਦਵਾਰ ਨੂੰ ਵੋਟ ਪਾਉਣਾ ਚਾਹੁੰਦੇ ਹਨ ਜਦ ਕਿ 3% ਵੋਟ ਪਾਉਣ ਦਾ ਇਰਾਦਾ ਨਹੀਂ ਰੱਖਦੇ। ਇਹ ਸਰਵੇ ਕਾਰਨੀਜ ਇੰਡੋਮੈਂਟ ਫ਼ਾਰ ਇੰਟਰਨੈਸ਼ਨਲ ਪੀਸ ਜੌਹਨ ਹੋਪਕਿਨਜ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ਼ ਪੈਨਸਿਲਵਾਨੀਆ ਦੀ ਭਾਈਵਾਲੀ ਨਾਲ ਪੋਲਿੰਗ ਕੰਪਨੀ ‘ਯੂ ਗੌਵ’ ਦੁਆਰਾ ਕੀਤਾ ਗਿਆ। ਦ ਟਾਈਮਜ਼ ਅਨੁਸਾਰ ਭਾਰਤੀ ਮੂਲ ਦੀ ਅਮਰੀਕਨ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਮੈਦਾਨ ਵਿੱਚ ਉਤਾਰਨ ਕਾਰਨ ਫਲੋਰੀਡਾ, ਮਿਸ਼ੀਗਨ ਤੇ ਪੈਨਸਿਲਵਾਨੀਆ ਵਰਗੇ ਰਾਜਾਂ ਵਿੱਚ ਵੋਟਰਾਂ ਦਾ ਝੁਕਾਅ ਡੈਮੋਕਰੈਟਿਕ ਉਮੀਦਵਾਰਾਂ ਵੱਲ ਵਧਿਆ ਹੈ। ਸਰਵੇ ਅਨੁਸਾਰ 45% ਵੋਟਰਾਂ ਨੇ ਸੰਕੇਤ ਦਿੱਤਾ ਹੈ ਕਿ ਕਮਲਾ ਹੈਰਿਸ ਦੀ ਉੱਪ ਰਾਸ਼ਟਰਪਤੀ ਵਜੋਂ ਨਾਮਜ਼ਦਗੀ ਨੇ ਨਵੰਬਰ ਚੋਣਾਂ ਵਿੱਚ ਉਨ੍ਹਾਂ ਲਈ ਉਮੀਦਵਾਰਾਂ ਦੀ ਚੋਣ ਸਬੰਧੀ ਰਾਹ ਸੌਖਾ ਕਰ ਦਿੱਤਾ ਹੈ। ਜਦ ਕਿ 10% ਨੇ ਕਿਹਾ ਹੈ ਕਿ ਕਮਲਾ ਹੈਰਿਸ ਉਨ੍ਹਾਂ ਲਈ ਕੋਈ ਮੁੱਦਾ ਨਹੀਂ ਹੈ। ਹਾਲਾਂ ਕਿ ਸਰਵੇ ਵਿੱਚ ਪਹਿਲਾਂ ਦੀ ਤੁਲਨਾ ‘ਚ ਟਰੰਪ ਦੇ ਹੱਕ ਵਿਚ ਸਮਰਥਨ ਵਧਿਆ ਹੈ ਪਰ ਸਮੁੱਚੇ ਤੌਰ ‘ਤੇ ਵੱਡੀ ਤਾਦਾਦ ਵਿੱਚ ਭਾਰਤੀ ਮੂਲ ਦੇ ਅਮਰੀਕੀ ਡੈਮੋਕਰੈਟਿਕ ਉਮੀਦਵਾਰਾਂ ਦੇ ਹੱਕ ਵਿੱਚ ਨਜ਼ਰ ਆ ਰਹੇ ਹਨ।