ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਟੋਕੀਓ ਉਲੰਪਿਕ ਖੇਡਾਂ ‘ਚ ਚਾਂਦੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ

ਵੇਟਲਿਫਟਿੰਗ ਮੁਕਾਬਲਿਆਂ ‘ਚ 21 ਸਾਲਾਂ ਮਗਰੋਂ ਉਲੰਪਿਕ ਤਗਮਾ
ਟੋਕੀਓ, 25 ਜੁਲਾਈ –
ਇੱਥੇ 24 ਜੁਲਾਈ ਨੂੰ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਟੋਕੀਓ ਉਲੰਪਿਕ ਖੇਡਾਂ ਦੇ ਪਹਿਲੇ ਦਿਨ ਚਾਂਦੀ ਦਾ ਤਗਮਾ ਜਿੱਤ ਕੇ ਭਾਰਤੀ ਖੇਡਾਂ ਵਿੱਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਚਾਨੂ ਨੇ ਮਹਿਲਾਵਾਂ ਦੇ 49 ਕਿੱਲੋਗ੍ਰਾਮ ਭਾਰ ਵਰਗ ਵਿੱਚ 202 ਕਿੱਲੋ (87 ਕਿੱਲੋ ਸਨੈਚ ਤੇ 115 ਕਿੱਲੋ ਕਲੀਨ ਐਂਡ ਜਰਕ) ਭਾਰ ਚੁੱਕ ਕੇ ਉਲੰਪਿਕ ਦੇ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਤਗਮੇ ਲਈ ਭਾਰਤ 21 ਸਾਲਾਂ ਦੀ ਉਡੀਕ ਨੂੰ ਖ਼ਤਮ ਕਰ ਦਿੱਤਾ ਹੈ। ਪੰਜ ਸਾਲ ਪਹਿਲਾਂ ਰੀਓ ਉਲੰਪਿਕ ਵਿੱਚ ਨਿਰਾਸ਼ਾਜਨਕ ਨਤੀਜਾ ਹਾਸਲ ਕਰਨ ਵਾਲੀ ਚਾਨੂ ਦੀ ਇਸ ਇਤਿਹਾਸਕ ਜਿੱਤ ਨੇ ਭਾਰਤ ਨੂੰ ਇਕ ਵਾਰ ਤਗਮਾ ਸੂਚੀ ਵਿੱਚ ਪਹੁੰਚਾ ਦਿੱਤਾ ਸੀ। ਉਂਜ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਨੇ ਭਾਰਤੀ ਨੇ ਉਲੰਪਿਕ ਖੇਡਾਂ ਦੇ ਪਹਿਲੇ ਦਿਨ ਤਗਮਾ ਜਿੱਤਿਆ ਹੈ।
49 ਕਿੱਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਚੀਨ ਦੀ ਹੋਊ ਜਿਹੂਈ ਨੇ 210 ਕਿੱਲੋ (94 ਕਿੱਲੋ ਸਨੈਚ ਤੇ 116 ਕਿੱਲੋ ਕਲੀਨ ਐਂਡ ਜਰਕ) ਵਜ਼ਨ ਚੁੱਕ ਕੇ ਸੋਨ ਤਗਮਾ ਜਿੱਤਿਆ ਜਦੋਂ ਕਿ ਇੰਡੋਨੇਸ਼ੀਆ ਦੀ ਏਸਾਹ ਵਿੰਡੀ ਕਾਂਟਿਕ ਨੇ 194 ਕਿੱਲੋ (84 ਤੇ 110 ਕਿੱਲੋ) ਦਾ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਆਪਣੇ ਨਾਂ ਕੀਤੀ।
ਸਨੈਚ ਨੂੰ ਚਾਨੂ ਦੀ ਕਮਜ਼ੋਰੀ ਮੰਨਿਆ ਜਾ ਰਿਹਾ ਸੀ, ਪਰ ਉਸ ਨੇ ਸਨੈਚ ਈਵੈਂਟ ਵਿੱਚ ਪਹਿਲੀ ਹੀ ਕੋਸ਼ਿਸ਼ ਵਿੱਚ 84 ਕਿੱਲੋ ਵਜ਼ਨ ਚੁੱਕਿਆ। ਦੂਜੇ ਹੱਲੇ ਵਿੱਚ ਚਾਨੂ ਨੇ 89 ਕਿੱਲੋ ਵਜ਼ਨ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੀ। ਜਿਹੂਈ ਨੇ 94 ਕਿੱਲੋ ਵਜ਼ਨ ਚੁੱਕ ਕੇ ਨਵਾਂ ਉਲੰਪਿਕ ਰਿਕਾਰਡ ਬਣਾਇਆ। ਚੀਨ ਦੀ ਵੇਟਲਿਫਟਰ ਦਾ ਇਸ ਵਿੱਚ ਵਰਲਡ ਰਿਕਾਰਡ (96 ਕਿੱਲੋ) ਵੀ ਹੈ। ਕਲੀਨ ਐਂਡ ਜਰਕ ਵਿੱਚ ਚਾਨੂ ਦੇ ਨਾਂ ਵਰਲਡ ਰਿਕਾਰਡ ਹੈ। ਉਸ ਨੇ ਇਸ ਈਵੈਂਟ ਵਿੱਚ 110 ਕਿੱਲੋ ਤੇ 115 ਕਿੱਲੋ ਵਜ਼ਨ ਚੁੱਕਿਆ, ਹਾਲਾਂਕਿ ਉਹ ਆਪਣੇ ਆਖ਼ਰੀ ਹੱਲੇ ਵਿੱਚ 117 ਕਿੱਲੋ ਵਜ਼ਨ ਚੁੱਕਣ ਵਿੱਚ ਨਾਕਾਮ ਰਹੀ।
ਚਾਨੂ ਤੋਂ ਪਹਿਲਾਂ ਕਰਨਮ ਮੱਲੇਸ਼ਵਰੀ ਨੇ ਸਿਡਨੀ 2000 ਵਿੱਚ ਵੇਟਲਿਫਟਿੰਗ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਸੀ। ਚਾਨੂ ਨੇ ਮਗਰੋਂ ਕਿਹਾ, ‘ਮੈਂ ਬਹੁਤ ਖ਼ੁਸ਼ ਹਾਂ। ਪਿਛਲੇ ਪੰਜ ਸਾਲਾਂ ਤੋਂ ਇਸ ਪਲ ਦਾ ਸੁਫ਼ਨਾ ਵੇਖ ਰਹੀ ਸੀ। ਮੈਂ ਖ਼ੁਦ ‘ਤੇ ਮਾਣ ਮਹਿਸੂਸ ਕਰ ਰਹੀ ਹਾਂ। ਮੈਂ ਸੋਨ ਤਗਮੇ ਲਈ ਕੋਸ਼ਿਸ਼ ਕੀਤੀ, ਪਰ ਚਾਂਦੀ ਦਾ ਤਗਮਾ ਵੀ ਮੇਰੇ ਲਈ ਵੱਡੀ ਪ੍ਰਾਪਤੀ ਹੈ।” ਮਨੀਪੁਰ ਦੀ 26 ਸਾਲਾ ਵੇਟਲਿਫਟਿਰ ਪਿਛਲੇ ਕੁੱਝ ਮਹੀਨਿਆਂ ਤੋਂ ਅਮਰੀਕਾ ਵਿੱਚ ਅਭਿਆਸ ਕਰ ਰਹੀ ਸੀ। 2016 ਉਲੰਪਿਕ ਦਾ ਉਸ ਦਾ ਤਜਰਬਾ ਖ਼ਰਾਬ ਰਿਹਾ ਸੀ। ਉਹ ਆਪਣੇ ਮੁਕਾਬਲੇ ਦੌਰਾਨ ਬਹੁਤ ਹੀ ਸ਼ਾਂਤ ਤੇ ਇਕਾਗਰ ਨਜ਼ਰ ਆਈ। ਚਾਨੂ ਨੂੰ ਜਦੋਂ ਪੁੱਛਿਆ ਕਿ ਮਨੀਪੁਰੀ ਹੋਣ ਦੇ ਨਾਤੇ ਇਸ ਦੇ ਕੀ ਮਾਇਨੇ ਹਨ ਤਾਂ ਉਸ ਨੇ ਕਿਹਾ, ”ਮੈਂ ਇਨ੍ਹਾਂ ਖੇਡਾਂ ਵਿੱਚ ਭਾਰਤ ਲਈ ਪਹਿਲਾ ਤਗਮਾ ਜਿੱਤ ਕੇ ਬਹੁਤ ਖ਼ੁਸ਼ ਹਾਂ। ਮੈਂ ਸਿਰਫ਼ ਮਨੀਪੁਰ ਦਾ ਨਹੀਂ ਬਲਕਿ ਪੂਰੇ ਭਾਰਤ ਦੀ ਨੁਮਾਇੰਦਗੀ ਕਰ ਰਹੀ ਸੀ।”