ਭਾਰਤੀ ਹਾਈ ਕਮਿਸ਼ਨ ਵੱਲੋਂ ਭਾਰਤ ਦਾ 73ਵਾਂ ਗਣਤੰਤਰ ਦਿਵਸ ਮਨਾਇਆ ਗਿਆ, ‘ਮਾਓਰੀ ਕਹਾਵਤਾਂ’, ‘ਇੰਡੀਅਨ ਕਮਿਊਨਿਟੀ ਈ-ਡਾਇਰੈਕਟਰੀ’ ਤੇ ਐਕਸਪੋਰਟਿੰਗ ਟੂ ਨਿਊਜ਼ੀਲੈਂਡ’ ਦੀ ਹੋਈ ਘੁੰਡ ਚੁਕਾਈ

ਵੈਲਿੰਗਟਨ, 3 ਫਰਵਰੀ (ਕੂਕ ਪੰਜਾਬੀ ਸਮਾਚਾਰ) – 26 ਜਨਵਰੀ ਨੂੰ ਹਾਈ ਕਮਿਸ਼ਨ ਆਫ਼ ਇੰਡੀਆ ਵੱਲੋਂ ਇੱਥੇ ਸਥਿਤ ਇੰਡੀਆ ਹਾਊਸ ਵਿੱਚ ਭਾਰਤ ਦਾ 73ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਜਿਸ ਵਿੱਚ ਭਾਰਤੀ ਤਰੰਗਾ ਝੰਡਾ ਫਹਿਰਾਉਣ ਤੋਂ ਬਾਅਦ ਲੈਕਚਰ ਅਤੇ ਗੀਤ ਸੰਗੀਤ ਦਾ ਪ੍ਰੋਗਰਾਮ ਹੋਇਆ। ਇਸ ਮੌਕੇ ਤਿੰਨ ਪ੍ਰਕਾਸ਼ਨਾਂ ਦੀ ਘੁੰਡ ਚੁਕਾਈ ਵੀ ਕੀਤੀ ਗਈ। ਇਹ ਪ੍ਰਕਾਸ਼ਨਾਵਾਂ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨਾਲ ਸੰਬੰਧਿਤ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਸੰਬੰਧ ਵਿੱਚ ਤਿਆਰ ਕੀਤੀਆਂ ਗਈਆਂ ਹਨ।
ਭਾਰਤ ਦੇ ਗਣਤੰਤਰ ਦਿਵਸ ਦੇ ਮੌਕੇ ‘ਤੇ ਭਾਰਤ ਦੇ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਕੁਮਾਰ ਪ੍ਰਦੇਸ਼ੀ ਨੇ ਤਿੰਨ ਪ੍ਰਕਾਸ਼ਨਾਂ ਦੀ ਘੁੰਡ ਚੁਕਾਈ ਕੀਤੀ। ਇਨ੍ਹਾਂ ਵਿੱਚ ‘ਮਾਓਰੀ ਭਾਸ਼ਾ ਦੀਆਂ 100 ਕਹਾਵਤਾਂ’, ‘ਇੰਡੀਅਨ ਕਮਿਊਨਿਟੀ ਈ-ਡਾਇਰੈਕਟਰੀ’ ਅਤੇ ‘ਐਕਸਪੋਰਟਿੰਗ ਟੂ ਨਿਊਜ਼ੀਲੈਂਡ’ ਸ਼ਾਮਿਲ ਹਨ। ਇਹ ਤਿੰਨੋਂ ਪ੍ਰਕਾਸ਼ਨ ਵੱਖ-ਵੱਖ ਸੰਸਥਾਵਾਂ ਦੁਆਰਾ ਭਾਰਤ ਦੇ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਤਿਆਰ ਕੀਤੀਆਂ ਗਈਆਂ ਹਨ।
‘ਮਾਓਰੀ ਭਾਸ਼ਾ ਦੀਆਂ 100 ਕਹਾਵਤਾਂ’ ਦੇ ਪ੍ਰਕਾਸ਼ਨ ਦੀ ਯੋਜਨਾ ਭਾਰਤ ਦੇ 75ਵੇਂ ਗਣਤੰਤਰ ਦਿਵਸ ਦੇ ਮੌਕੇ ਨੂੰ ਮੁੱਖ ਰੱਖ ਕੇ ਸ਼ੁਰੂ ਕੀਤੀ ਗਈ ਅਤੇ ਹਰ ਹਫ਼ਤੇ ਚਾਰ ਮਾਓਰੀ ਕਹਾਵਤਾਂ ਪ੍ਰਕਾਸ਼ਿਤ ਕੀਤੀਆਂ ਗਈਆਂ। ਇਹ ਛੋਟੀ ਪੁਸਤਕ ਭਾਰਤ ਦੇ ਹਾਈ ਕਮਿਸ਼ਨਰ ਦੀ ਪ੍ਰੇਰਨਾ ਰਾਹੀ ਸ਼ੁਰੂ ਹੋਈ, ਇਸ ਦੀ ਸੰਪਾਦਨਾ ਰੋਹਿਤ ਕੁਮਾਰ ਹੈਪੀ ਨੇ ਕੀਤਾ ਹੈ। ਇਸ ਦੇ ਅਨੁਵਾਦ ਵਿੱਚ ਸੰਪਾਦਕ ਦੇ ਇਲਾਵਾ ਪ੍ਰੀਤਾ ਵਿਆਸ ਅਤੇ ਡਾ. ਪੁਸ਼ਪਾ ਭਾਰਦਵਾਜ ਵੁੱਡ ਦਾ ਸਹਿਯੋਗ ਰਿਹਾ ਹੈ। ਹਾਈ ਕਮਿਸ਼ਨ ਵੱਲੋਂ ਦੁਰਗਾ ਦਾਸ (ਸੈਕੰਡ ਸੈਕਟਰੀ – ਪ੍ਰੈੱਸ, ਇੰਫੋ. ਅਤੇ ਕਲਚਰਲ) ਅਤੇ ਇਸ਼ਾਂਤ ਘੁਲਿਆਨੀ (ਕਲਚਰਲ ਅਤੇ ਕਮਿਊਨਿਟੀ ਅਫੇਅਰਜ਼ ਐਗਜ਼ੀਕਿਊਟਿਵ) ਇਸ ਦੇ ਸਲਾਹਕਾਰ ਕਮੇਟੀ ਵਿੱਚ ਸ਼ਾਮਿਲ ਹਨ। ਇਸ ਛੋਟੀ ਪੁਸਤਕ ਵਿੱਚ ਮਾਓਰੀ ਕਹਾਵਤਾਂ ਦੇ ਅੰਗਰੇਜ਼ੀ ਅਤੇ ਹਿੰਦੀ ਵਿੱਚ ਭਾਵਾਨੁਵਾਦ ਦਿੱਤੇ ਗਏ ਹਨ।
ਇਸ ਮੌਕੇ ‘ਤੇ ਹਾਈ ਕਮਿਸ਼ਨਰ ਸ਼੍ਰੀ ਮੁਕਤੇਸ਼ ਕੁਮਾਰ ਪ੍ਰਦੇਸ਼ੀ ਨੇ ਇੱਕ ਭਾਰਤੀ ਭਾਈਚਾਰਾ ‘ਈ-ਡਾਇਰੈਕਟਰੀ’ ਲਾਂਚ ਕੀਤੀ। ਇਸ ਵਿੱਚ ਭਾਰਤੀ ਐਸੋਸੀਏਸ਼ਨਾਂ, ਸਮਾਜਿਕ-ਸਭਿਆਚਾਰਕ ਸੰਸਥਾਵਾਂ ਅਤੇ ਡਾਂਸ/ਸੰਗੀਤ ਅਦਾਰਿਆਂ ਦੀ ਸੂਚੀ ਹੈ। ਇਸ ਤੋਂ ਇਲਾਵਾ ਭਾਰਤੀ ਭਾਸ਼ਾਵਾਂ ਦੇ ਸਕੂਲ, ਪੂਜਾ ਸਥਾਨ ਅਤੇ ਬਹੁ-ਭਾਸ਼ਾਈ ਭਾਰਤੀ ਮੀਡੀਆ ਅਦਾਰਿਆਂ ਦੇ ਨਾਮ, ਸੰਪਰਕ ਨੰਬਰ ਦਰਜ ਕੀਤੇ ਗਏ ਹਨ। ਇਹ ‘ਈ-ਡਾਇਰੈਕਟਰੀ’ ਨਿਊਜ਼ੀਲੈਂਡ ਤੇ ਦੇਸ਼-ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਇੱਕ ਦੂਜੇ ਨਾਲ ਜੁੜਨ ਵਿੱਚ ਮਦਦ ਕਰੇਗਾ। ਇਸ ਨੂੰ ਹਾਈ ਕਮਿਸ਼ਨ ਵੱਲੋਂ ਦੁਰਗਾ ਦਾਸ (ਸੈਕੰਡ ਸੈਕਟਰੀ – ਪ੍ਰੈੱਸ, ਇੰਫੋ. ਐਂਡ ਕਲਚਰਲ), ਇਸ਼ਾਂਤ ਘੁਲਿਆਨੀ (ਕਲਚਰਲ ਅਤੇ ਕਮਿਊਨਿਟੀ ਅਫੇਅਰਜ਼ ਐਗਜ਼ੀਕਿਊਟਿਵ), ਕਿਰਨ ਰਾਵਤ (ਇੰਫੋ ਐਂਡ ਮਾਰਕੀਟਿੰਗ ਐਗਜ਼ੀਕਿਊਟਿਵ) ਅਤੇ ਅੰਜਲੀ (ਕਾਉਂ ਸੱਲਰ ਐਗਜ਼ੀਕਿਊਟਿਵ) ਨੇ ਬਣਾਈ ਹੈ।
ਇਸ ਤੋਂ ਇਲਾਵਾ ਤੀਜੀ ਪ੍ਰਕਾਸ਼ਨਾ ‘ਐਕਸਪੋਰਟਿੰਗ ਟੂ ਨਿਊਜ਼ੀਲੈਂਡ’ ਹੈ, ਜਿਸ ਵਿੱਚ ਐਕਸਪੋਰਟ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ ਹੈ।