ਭਾਰਤ ‘ਚ 36 ਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਪ੍ਰਵੇਸ਼ ਉੱਤੇ ਅਸਥਾਈ ਰੋਕ

ਨਵੀਂ ਦਿੱਲੀ, 19 ਮਾਰਚ – ਭਾਰਤ ਨੇ ਕੋਰੋਨਾਵਾਇਰਸ ਕਹਿਰ ਦੇ ਮੱਦੇਨਜ਼ਰ 36 ਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਦੇ ਪ੍ਰਵੇਸ਼ ਉੱਤੇ ਅਸਥਾਈ ਰੋਕ ਲਗਾ ਦਿੱਤੀ ਹੈ। ਉੱਥੇ ਹੀ 11 ਦੇਸ਼ਾਂ ਦੇ ਮੁਸਾਫ਼ਰਾਂ ਨੂੰ ਲਾਜ਼ਮੀ ਤੌਰ ‘ਤੇ ਵੱਖ ਰੱਖਿਆ ਜਾਵੇਗਾ। ਗ੍ਰਹਿ ਮੰਤਰਾਲੇ ਨੇ 18 ਮਾਰਚ ਦਿਨ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਇਹ ਵੀ ਕਿਹਾ ਕਿ ਪ੍ਰਤੀਬੰਧਿਤ ਦੇਸ਼ਾਂ ਨੂੰ ਛੱਡ ਕੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡ ਧਾਰਕਾਂ ਨੂੰ ਭਾਰਤ ਵਿੱਚ ਪ੍ਰਵੇਸ਼ ਲਈ ਭਾਰਤੀ ਮਿਸ਼ਨਾਂ ਤੋਂ ਤਾਜ਼ਾ ਵੀਜ਼ਾ ਲੈਣਾ ਹੋਵੇਗਾ।
ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਕੋਈ ਵੀ ਏਅਰਲਾਈਨਜ਼ ਆਸਟਰੇਲੀਆ, ਬੈਲਜੀਅਮ, ਬੁਲਗਾਰੀਆ, ਕਰੋਏਸ਼ੀਆ, ਸਾਇਪ੍ਰਸ, ਚੈੱਕ ਗਣਰਾਜ, ਡੈਨਮਾਰਕ, ਏਸਟੋਨੀਆ, ਫਿਨਲੈਂਡ, ਫ਼ਰਾਂਸ, ਜਰਮਨੀ, ਗ੍ਰੀਸ, ਆਈਸਲੈਂਡ, ਹੰਗਰੀ, ਆਇਰਲੈਂਡ, ਇਟਲੀ, ਲਾਤਵਿਆ,  ਲਿਕਟੇਂਸਟੀਨ, ਲਿਥੁਆਨਿਆ, ਲਕਜਮਬਰਗ, ਮਾਲਟਾ, ਨੀਦਰਲੈਂਡ, ਨਾਰਵੇ, ਪੋਲੈਂਡ, ਪੁਰਤਗਾਲ, ਰੋਮਾਨੀਆ, ਸਲੋਵਾਕੀਆ, ਸਲੋਵੇਨੀਆ, ਸਪੇਨ, ਸਵੀਡਨ, ਸਵਿਟਜ਼ਰਲੈਂਡ, ਤੁਰਕੀ, ਬ੍ਰਿਟੇਨ ਤੋਂ ਕਿਸੇ ਵੀ ਯਾਤਰੀ ਨੂੰ ਭਾਰਤ ਵਿੱਚ ਨਹੀਂ ਲਵੇਗੀ। ਇਹ ਹੁਕਮ 12 ਮਾਰਚ ਤੋਂ ਪ੍ਰਭਾਵੀ ਹੋ ਚੁੱਕੇ ਹਨ। ਇਸ ਦੇ ਇਲਾਵਾ 17 ਮਾਰਚ ਤੋਂ ਏਅਰਲਾਈਨਾਂ ਦੁਆਰਾ ਫਿਲਪੀਨ, ਮਲੇਸ਼ੀਆ ਅਤੇ ਅਫ਼ਗਾਨਿਸਤਾਨ ਤੋਂ ਮੁਸਾਫ਼ਰਾਂ  ਦੇ ਲਿਆਉਣ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ।