ਭਾਰਤ ਦੀ ਮਾਨੁਸ਼ੀ ਛਿੱਲਰ ‘ਮਿਸ ਵਰਲਡ 2017’ ਦਾ ਤਾਜ ਸਜਿਆ 

ਸਾਨਿਆ (ਚੀਨ) – ਇੱਥੇ 18 ਨਵੰਬਰ ਦਿਨ ਸ਼ਨਿਚਰਵਾਰ ਨੂੰ ਭਾਰਤ ਦੇ ਹਰਿਆਣਾ ਦੇ ਜ਼ਿਲ੍ਹਾ ਝੱਜਰ ਦੀ ਮਾਨੁਸ਼ੀ ਛਿੱਲਰ ‘ਮਿਸ ਵਰਲਡ 2017’ ਚੁਣੀ ਗਈ। ਜ਼ਿਕਰਯੋਗ ਹੈ ਕਿ 17 ਸਾਲ ਬਾਅਦ ਕਿਸੇ ਭਾਰਤੀ ਸੁੰਦਰੀ ਸਿਰ ਇਹ ਤਾਜ ਸਜਿਆ ਹੈ। ਚੀਨ ਦੇ ਸਾਨਿਆ ਦੇ ਸਿਟੀ ਐਰੀਨਾ ਵਿਖੇ ਹੋਏ 67ਵੇਂ ਮਿਸ ਵਰਲਡ  ਮੁਕਾਬਲੇ ਵਿੱਚ ਵੱਖ ਵੱਖ ਮੁਲਕਾਂ ਦੀਆਂ 121 ਸੁੰਦਰੀਆਂ ਨੇ ਹਿੱਸਾ ਲਿਆ ਸੀ।


ਇਸ ਮੁਕਾਬਲੇ ਵਿੱਚ ਜੇਤੂ ਰਹੀ ਭਾਰਤ ਦੀ ਮਾਨੁਸ਼ੀ ਨੂੰ ‘ਮਿਸ ਵਰਲਡ2016’ ਮੁਕਾਬਲੇ ਦੀ ਜੇਤੂ ਪੁਏਰਟੋ ਰਿਕੋ ਦੀ ਸਟੈਫਨੀ ਡੇਲ ਵੈਲੇ ਨੇ ਤਾਜ ਪਹਿਨਾਇਆ। ਭਾਰਤ ਦੀ ਮਾਨੁਸ਼ੀ ਇੰਗਲੈਂਡ, ਫਰਾਂਸ, ਕੀਨੀਆ, ਮੈਕਸੀਕੋ ਦੀਆਂ ਸੁੰਦਰੀਆਂ ਨਾਲ ਆਖ਼ਰੀ ਪੰਜਾਂ ਵਿੱਚ ਸ਼ਾਮਲ ਹੋਈ ਸੀ। ਇਸ ਮੁਕਾਬਲੇ ਵਿੱਚ ਦੂਜੇ ਸਥਾਨ ‘ਤੇ ਮਿਸ ਇੰਗਲੈਂਡ ਸਟੈਫਨੀ ਹਿੱਲ ਅਤੇ ਤੀਜੇ ਸਥਾਨ ‘ਤੇ ਮਿਸ ਮੈਕਸੀਕੋ ਆਂਦਰੀਆ ਮੇਜਾ ਰਹੀ। ਮੁਕਾਬਲੇ ਦੇ ਆਖ਼ਰੀ ਗੇੜ ਵਿੱਚ ਮਾਨੁਸ਼ੀ ਤੋਂ ਜਿਊਰੀ ਨੇ ਪੁੱਛਿਆ ਕਿ ਕਿਹੜੇ ਪੇਸ਼ੇ ਵਿੱਚ ਸਭ ਤੋਂ ਜ਼ਿਆਦਾ ਤਨਖ਼ਾਹ ਮਿਲਣੀ ਚਾਹੀਦੀ ਹੈ ਅਤੇ ਕਿਉਂ? ਇਸ ਦੇ ਜਵਾਬ ਵਿੱਚ ਮਾਨੁਸ਼ੀ ਨੇ ਕਿਹਾ, ‘ਮਾਂ ਨੂੰ ਸਭ ਤੋਂ ਵੱਧ ਆਦਰ ਮਿਲਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਤਨਖ਼ਾਹ ਨਹੀਂ ਬਲਕਿ ਸਨਮਾਨ ਅਤੇ ਪਿਆਰ ਮਿਲਣਾ ਚਾਹੀਦਾ ਹੈ’।