ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੇ ਬੰਗਲਾਦੇਸ਼ੀ ਹਮਰੁਤਬਾ ਸ਼ੇਖ਼ ਹਸੀਨਾ ਵੱਲੋਂ ਰੇਲ ਲਿੰਕ ਸਮੇਤ ਤਿੰਨ ਪ੍ਰਾਜੈਕਟਾਂ ਦਾ ਵਰਚੁਅਲੀ ਉਦਘਾਟਨ

ਅਗਰਤਲਾ, 1 ਨਵੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬੰਗਲਾਦੇਸ਼ੀ ਹਮਰੁਤਬਾ ਸ਼ੇਖ਼ ਹਸੀਨਾ ਨੇ ਤ੍ਰਿਪੁਰਾ ਦੇ ਨਿਸਚਿੰਤਪੁਰ ਤੋਂ ਗੁਆਂਢੀ ਮੁਲਕ ਗੰਗਾਸਾਗਰ ਤੱਕ ਅਹਿਮ ਰੇਲ ਲਿੰਕ ਸਮੇਤ ਤਿੰਨ ਪ੍ਰਾਜੈਕਟਾਂ ਦਾ ਸਾਂਝੇ ਤੌਰ ’ਤੇ ਉਦਘਾਟਨ ਕੀਤਾ।
ਮੋਦੀ ਅਤੇ ਹਸੀਨਾ ਵੱਲੋਂ ਵਰਚੁਅਲੀ ਉਦਘਾਟਨ ਕੀਤੇ ਗਏ ਦੋ ਹੋਰ ਪ੍ਰਾਜੈਕਟਾਂ ’ਚ 65 ਕਿਲੋਮੀਟਰ ਖੁਲਨਾ-ਮੋਂਗਲਾ ਪੋਰਟ ਰੇਲ ਲਾਈਨ ਅਤੇ ਬੰਗਲਾਦੇਸ਼ ਦੇ ਰਾਮਪਾਲ ’ਚ ਮੈਤਰੀ ਸੁਪਰ ਥਰਮਲ ਪਾਵਰ ਪਲਾਂਟ ਦੇ ਦੋ ਯੂਨਿਟ ਸ਼ਾਮਲ ਹਨ। ਮੋਦੀ ਨੇ ਕਿਹਾ ਕਿ ਅਗਰਤਲਾ-ਅਖੌਰਾ ਕ੍ਰਾਸ ਬਾਰਡਰ ਰੇਲ ਲਿੰਕ ਦਾ ਉਦਘਾਟਨ ਇਤਿਹਾਸਕ ਪਲ ਹੈ।
ਸਾਰੇ ਤਿੰਨ ਪ੍ਰਾਜੈਕਟ ਭਾਰਤ ਦੇ ਸਹਿਯੋਗ ਨਾਲ ਵਿਕਸਤ ਕੀਤੇ ਜਾ ਰਹੇ ਹਨ। ਨਿਸਚਿੰਤਪੁਰ ਅਤੇ ਗੰਗਾਸਾਗਰ ਵਿਚਕਾਰ 12.24 ਕਿਲੋਮੀਟਰ ਲੰਬੇ ਰੇਲ ਪ੍ਰਾਜੈਕਟ ਨਾਲ ਦੋਵੇਂ ਮੁਲਕਾਂ ਵਿਚਕਾਰ ਵਪਾਰ ਨੂੰ ਹੁੰਗਾਰਾ ਮਿਲਣ ਦੀ ਸੰਭਾਵਨਾ ਹੈ। ਇਸ ਰੇਲ ਲਿੰਕ ਨਾਲ ਅਗਰਤਲਾ ਅਤੇ ਕੋਲਕਾਤਾ ਵਾਇਆ ਢਾਕਾ ਵਿਚਕਾਰ ਸਫ਼ਰ ਦਾ ਸਮਾਂ ਵੀ ਘੱਟ ਜਾਵੇਗਾ।