ਨਿਊਜ਼ੀਲੈਂਡ ਮਹਿਲਾ ਸਿਲਵਰ ਫਰਨ ਨੇ 16 ਸਾਲਾਂ ਬਾਅਦ ‘ਨੈੱਟਬਾਲ ਵਰਲਡ ਕੱਪ’ ਦਾ ਖ਼ਿਤਾਬ ਜਿੱਤਿਆ

ਸਿਲਵਰ ਫ਼ਰਨ ਨੇ ਆਸਟਰੇਲੀਆ ਨੂੰ ਫਾਈਨਲ ‘ਚ 52-51 ਨਾਲ ਹਰਾਇਆ
ਲੀਵਰਪੁੱਲ  (ਇੰਗਲੈਂਡ), 23 ਜੁਲਾਈ – ਇੱਥੇ 21 ਜੁਲਾਈ ਦਿਨ ਐਤਵਾਰ ਨੂੰ ਹੋਏ ਨੈੱਟਬਾਲ ਵਰਲਡ ਕੱਪ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਸਿਲਵਰ ਫ਼ਰਨ ਮਹਿਲਾ ਟੀਮ ਨੇ ਆਸਟਰੇਲੀਆ ਦੀ ਡਾਇਮੰਡਜ਼ ਮਹਿਲਾ ਟੀਮ ਨੂੰ 52-51 ਨਾਲ ਹਰਾ ਕੇ ਖ਼ਿਤਾਬ ਉੱਤੇ 16 ਸਾਲ ਬਾਅਦ ਕਬਜ਼ਾ ਕੀਤਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਮਹਿਲਾ ਟੀਮ ਸਿਲਵਰ ਫਰਨ ਨੇ 2003 ‘ਚ ਵਰਲਡ ਕੱਪ ਟ੍ਰਾਫੀ ਜਿੱਤੀ ਸੀ।    
ਨਿਊਜ਼ੀਲੈਂਡ ਨੇ ਜਮਾਇਕਾ ਵਿੱਚ ਆਖ਼ਰੀ ਵਰਲਡ ਕੱਪ ਦਾ ਖ਼ਿਤਾਬ 2003 ਵਿੱਚ ਜਿੱਤਿਆ ਸੀ ਅਤੇ ਉਸ ਤੋਂ ਪਹਿਲਾਂ 1967, 1979 ਅਤੇ 1987 ਆਪਣੇ ਨਾਂ ਕੀਤੇ ਸਨ।
ਖ਼ਾਸ ਗੱਲ ਇਹ ਹੈ ਕਿ ਨਿਊਜ਼ੀਲੈਂਡ ਦੀ ਸਿਲਵਰ ਫ਼ਰਨ ਨੇ 11 ਵਾਰ ਦੇ ਚੈਂਪੀਅਨ ਅਤੇ ਪਿਛਲੇ ੩ ਵਰਲਡ ਕੱਪ ਖ਼ਿਤਾਬ ਦੇ ਜੇਤੂ ਆਸਟਰੇਲੀਆ ਨੂੰ ਹਰਾਇਆ ਹੈ। ਹਾਫ਼-ਟਾਈਮ ਤੱਕ ਦੋਵੇਂ ਟੀਮਾਂ ਦਾ ਸਕੋਰ 28-25 ਸੀ ਤੇ ਨਿਊਜ਼ੀਲੈਂਡ ਨੇ ਆਸਟਰੇਲੀਆ ਉੱਤੇ ਆਪਣੀ ਬੜ੍ਹਤ ਕਾਇਮ ਰੱਖੀ।
ਜਦੋਂ ਕਿ ਕਾਂਸੀ ਤੇ ਤਗਮੇ ਦੇ ਲਈ ਹੋਏ ਮੁਕਾਬਲੇ ਵਿੱਚ ਮੇਜ਼ਬਾਨ ਇੰਗਲੈਂਡ ਨੇ ਦੱਖਣੀ ਅਫ਼ਰੀਕਾ ਨੂੰ 58-24 ਦੇ ਫ਼ਰਕ ਨਾਲ ਹਰਾ ਕਿ ਤੀਜੇ ਸਥਾਨ ਉੱਤੇ ਕਬਜ਼ਾ ਕੀਤਾ।