ਭਾਰਤ ਵੱਲੋਂ ਅਗਨੀ-5 ਮਿਸਾਈਲ ਦਾ ਸਫਲ ਪ੍ਰੀਖਣ

ਨਵੀਂ ਦਿੱਲੀ, 28 ਅਕਤੂਬਰ – ਭਾਰਤ ਨੇ ਆਪਣੀ ਸੈਨਿਕ ਤਾਕਤ ਵਿੱਚ ਵਾਧਾ ਕਰਦਿਆਂ 27 ਅਕਤੂਬਰ ਦਿਨ ਬੁੱਧਵਾਰ ਸ਼ਾਮ ਨੂੰ ਬੈਲਿਸਟਿਕ ਮਿਸਾਈਲ ਅਗਨੀ-5 ਦਾ ਸਫਲਤਾਪੂਰਨ ਪ੍ਰੀਖਣ ਕੀਤਾ। ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਉੜੀਸਾ ਦੇ ਅਬਦੁੱਲ ਕਲਾਮ ਦੀਪ ਤੋਂ ਸ਼ਾਮ ਕਰੀਬ 7.50 ਵਜੇ ਇਸ ਮਿਸਾਈਲ ਦਾ ਪ੍ਰੀਖਣ ਕੀਤਾ ਗਿਆ। ਇਹ ਮਿਸਾਈਲ ਜ਼ਮੀਨ ਤੋਂ ਜ਼ਮੀਨ ਤੱਕ 5 ਹਜ਼ਾਰ ਕਿੱਲੋਮੀਟਰ ਤੱਕ ਟੀਚੇ ਉੱਤੇ ਨਿਸ਼ਾਨਾ ਸੇਧ ਸਕਦੀ ਹੈ। ਜ਼ਿਕਰਯੋਗ ਹੈ ਕਿ ਅਗਨੀ-5 ਅੰਤਰਮਹਾਦੀਪ ਬੈਲਿਸਟਿਕ ਮਿਸਾਈਲ ਪ੍ਰੋਗਰਾਮ ਉੱਤੇ ਇੱਕ ਦਹਾਕੇ ਪਹਿਲਾਂ ਕੰਮ ਸ਼ੁਰੂ ਹੋਇਆ ਸੀ। ਇਸ ਮਿਸਾਈਲ ਦੇ ਸਫਲ ਪ੍ਰੀਖਣ ਨਾਲ ਇਸ ਦੇ ਸਟਰੈਟੇਜੀਕਲ ਫੋਰਸ ਕਮਾਂਡ ਵਿੱਚ ਸ਼ਾਮਲ ਹੋਣ ਲਈ ਰਸਤਾ ਸਾਫ਼ ਹੋ ਗਿਆ ਹੈ।