ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਕੋਲਕਾਤਾ, 6 ਮਈ – ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਸੁਪਰੀਮੋ ਦੀਦੀ ਮਮਤਾ ਬੈਨਰਜੀ ਨੇ 5 ਮਈ ਦਿਨ ਬੁੱਧਵਾਰ ਨੂੰ ਤੀਜੀ ਵਾਰ ਪੱਛਮੀ ਬੰਗਾਲ ਦੀ 21ਵੀਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਂਜ ਦੀਦੀ ਮਮਤਾ ਮੁੱਖ ਮੰਤਰੀ ਬਣਨ ਵਾਲੀ ਉਹ ਪੱਛਮੀ ਬੰਗਾਲ ਦੀ 8ਵੀਂ ਆਗੂ ਹੈ। ਮਮਤਾ ਬੈਨਰਜੀ ਨੇ ਅੱਜ ਇਕੱਲਿਆਂ ਹੀ ਸਹੁੰ ਚੁੱਕੀ ਅਤੇ ਪਾਰਟੀ ਸੂਤਰਾਂ ਮੁਤਾਬਿਕ ਕੈਬਨਿਟ ਦਾ ਵਿਸਥਾਰ 9 ਮਈ ਨੂੰ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਦੀ ਜੈਅੰਤੀ ਮੌਕੇ ਕੀਤਾ ਜਾਵੇਗਾ। ਹਲਫ਼ਦਾਰੀ ਸਮਾਗਮ ‘ਚ ਭਾਜਪਾ, ਖੱਬੇ ਪੱਖੀ ਪਾਰਟੀਆਂ ਅਤੇ ਕਾਂਗਰਸ ਨੇ ਹਿੱਸਾ ਨਹੀਂ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਮਮਤਾ ਬੈਨਰਜੀ ਨੂੰ ਮੁੱਖ ਮੰਤਰੀ ਬਣਨ ਦੀ ਵਧਾਈ ਦਿੱਤੀ ਹੈ।
ਕੋਵਿਡ -19 ਮਹਾਂਮਾਰੀ ਦੇ ਕਾਰਣ ਰਾਜ ਭਵਨ ਵਿੱਚ ਹੋਏ ਸਧਾਰਨ ਸਮਾਰੋਹ ਵਿੱਚ ਰਾਜਪਾਲ ਜਗਦੀਪ ਧਨਖੜ ਨੇ ਮਮਤਾ ਬੈਨਰਜੀ ਨੂੰ ਅਹੁਦੇ ਦੀ ਸਹੁੰ ਚੁਕਾਈ। ਮਮਤਾ ਬੈਨਰਜੀ ਨੇ ਬੰਗਲਾ ਭਾਸ਼ਾ ਵਿੱਚ ਸਹੁੰ ਚੁੱਕੀ। ਇਸ ਮੌਕੇ ਪਾਰਥ ਚੈਟਰਜੀ ਤੇ ਸੁਬ੍ਰਤ ਮੁਖਰਜੀ ਵਰਗੇ ਟੀਐੱਮਸੀ ਨੇਤਾਵਾਂ ਤੋਂ ਇਲਾਵਾ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਸ਼ਾਂਤ ਕਿਸ਼ੌਰ ਤੇ ਬੈਨਰਜੀ ਦਾ ਭਤੀਜਾ ਅਭਿਸ਼ੇਕ ਬੈਨਰਜੀ ਮੌਜੂਦ ਸਨ। ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਮੁੱਖਤਾ ਕੋਰੋਨਾ ਨਾਲ ਨਜਿੱਠਣ ਦੀ ਹੈ। ਉਨ੍ਹਾਂ ਸਿਆਸੀ ਦਲਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਸ਼ਾਂਤੀ ਬਣਾਈ ਰੱਖਣ ਵਿੱਚ ਸਹਿਯੋਗ ਦੇਣ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਰਾਜ ਵਿੱਚ ਸ਼ਾਂਤੀ ਬਹਾਲੀ ਨੂੰ ਪਹਿਲ ਦੇਣਗੇ।