ਮਹਿਲਾ ਹਾਕੀ ਵਰਲਡ ਕੱਪ : ਆਇਰਲ਼ੈਂਡ ਨੇ ਪੈਨਲਟੀ ਸ਼ੂਟਆਊਟ ‘ਚ ਭਾਰਤ ਨੂੰ 3-1 ਨਾਲ ਹਰਾ ਕੇ 44 ਸਾਲਾਂ ਬਾਅਦ ਸੈਮੀ-ਫਾਈਨਲ ‘ਚ ਪੁੱਜਣ ਦਾ ਸੁਪਨਾ ਤੋੜਿਆ

ਲੰਡਨ, 3 ਅਗਸਤ – ਇੱਥੇ 2 ਅਗਸਤ ਨੂੰ ਮਹਿਲਾ ਹਾਕੀ ਵਰਲਡ ਕੱਪ ਦੇ ਕੁਆਟਰ-ਫਾਈਨਲ ਮੁਕਾਬਲੇ ਵਿੱਚ ਆਇਰਲ਼ੈਂਡ ਨੇ ਪੈਨਲਟੀ ਸ਼ੂਟਆਊਟ ‘ਚ ਭਾਰਤ ਨੂੰ 3-1 ਨਾਲ ਹਰਾ ਦਿੱਤਾ, ਜਿਸ ਨਾਲ ਭਾਰਤੀ ਟੀਮ ਦਾ 44 ਸਾਲਾਂ ਬਾਅਦ ਸੈਮੀ-ਫਾਈਨਲ ਵਿੱਚ ਪੁੱਜਣ ਅਤੇ ਮਹਿਲਾ ਹਾਕੀ ਵਰਲਡ ਕੱਪ ਜਿੱਤਣ ਦਾ ਸੁਫ਼ਨਾ ਟੁੱਟ ਗਿਆ। ਜਦੋਂ ਕਿ ਭਾਰਤ ਨੂੰ ਹਰਾ ਕੇ ਆਇਰਲੈਂਡ ਨੇ ਸੈਮੀ-ਫਾਈਨਲ ਵਿੱਚ ਪ੍ਰਵੇਸ਼  ਕਰ ਲਿਆ।
ਕੁਆਟਰ-ਫਾਈਨਲ ਮੈਚ ਦੇ ਇਸ ਮੁਕਾਬਲੇ ਵਿੱਚ ਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ ਅਤੇ ਨਤੀਜੇ ਲਈ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ, ਜਿਸ ਵਿੱਚ ਆਇਰਲੈਂਡ ਦੀ ਮਹਿਲਾ ਟੀਮ ਨੇ ਬਾਜ਼ੀ ਮਾਰ ਲਈ।
ਭਾਰਤ ਅਤੇ ਆਇਰਲੈਂਡ ਦੀਆਂ ਟੀਮਾਂ ਨੇ ਕੁਆਟਰ ਫਾਈਨਲ ਵਿੱਚ ਚੰਗੀ ਡਿਫੈਂਸ ਦਾ ਮੁਜ਼ਾਹਰਾ ਕੀਤਾ ਅਤੇ ਦੋਵੇਂ ਪਾਸੀਓ ਨਿਰਧਾਰਿਤ ਸਮੇਂ ਤੱਕ ਕੋਈ ਗੋਲ ਨਹੀਂ ਹੋ ਸਕਿਆ। ਦੋਵਾਂ ਹੀ ਟੀਮਾਂ ਨੇ ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ ਪਰ ਸਫਲਤਾ ਨਹੀਂ ਮਿਲ ਸਕੀ। ਪੈਨਲਟੀ ਸ਼ੂਟਆਊਟ ਵਿੱਚ ਭਾਰਤੀ ਗੋਲਕੀਪਰ ਸਵਿਤਾ ਨੇ ਆਇਰਲੈਂਡ ਦੀ ਪਹਿਲੀ ਕੋਸ਼ਿਸ਼ ਨੂੰ ਅਸਫਲ ਕੀਤਾ। ਫਿਰ ਭਾਰਤੀ ਟੀਮ ਵੱਲੋਂ ਕੈਪਟਨ ਰਾਣੀ ਨੇ ਪਹਿਲੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਹ ਗੋਲ ਨਹੀਂ ਕਰ ਸਕੀ। ਦੂਜਾ ਕੋਸ਼ਿਸ਼ ਵਿੱਚ ਵੀ ਦੋਵੇਂ ਟੀਮਾਂ ਅਸਫਲ ਰਹੀਆਂ। ਇਸ ਦੇ ਬਾਅਦ ਆਇਰਲੈਂਡ ਨੇ ਆਪਣੀ ਆਖ਼ਰੀ ਤਿੰਨੇ ਕੋਸ਼ਿਸ਼ਾਂ ਵਿੱਚ ਗੋਲ ਕੀਤੇ ਪਰ ਭਾਰਤ ਲਈ ਸਿਰਫ਼ ਰੀਨਾ ਹੀ ਚੌਥੀ ਕੋਸ਼ਿਸ਼ ਵਿੱਚ ਗੋਲ ਕਰ ਸਕੀ ਅਤੇ ਭਾਰਤ ਨੂੰ ਆਖ਼ਰੀ ਕੋਸ਼ਿਸ਼ ਕਰਨ ਦੀ ਲੋੜ ਹੀ ਨਹੀਂ ਪਈ ਤੇ ਭਾਰਤ ਮੈਚ ਹਾਰ ਕੇ ਵਰਲਡ ਕੱਪ ਜਿੱਤਣ ਦੀ ਦੌੜ ‘ਚੋਂ ਬਾਹਰ ਹੋ ਗਿਆ।
ਅਜਿਹਾ ਰਿਹਾ ਭਾਰਤੀ ਟੀਮ ਦਾ ਸਫ਼ਰ
ਭਾਰਤ ਨੇ ਇਟਲੀ ਨੂੰ ਕਰਾਸਓਵਰ ਮੈਚ ਵਿੱਚ 3-0 ਨਾਲ ਹਰਾ ਕੇ ਕੁਆਟਰ-ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਦੁਨੀਆ ਦੀ 16ਵੇਂ ਨੰਬਰ ਦੀ ਟੀਮ ਆਇਰਲੈਂਡ ਨੇ ਅਮਰੀਕਾ ਨੂੰ 3-1 ਅਤੇ ਭਾਰਤ ਨੂੰ 1-0 ਨਾਲ ਹਰਾ ਕੇ ਪਹਿਲਾਂ ਹੀ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਨੇ ਪੂਲ ਮੈਚਾਂ ਵਿੱਚ ਇੰਗਲੈਂਡ ਅਤੇ ਅਮਰੀਕਾ ਨਾਲ 1-1 ਤੋਂ ਡਰਾਅ ਖੇਡਿਆ ਅਤੇ ਆਇਰਲੈਂਡ ਤੋਂ 0-1 ਨਾਲ ਹਾਰ ਗਈ ਸੀ। ਆਇਰਲੈਂਡ ਨੇ ਇੱਥੇ ਵਰਲਡ ਕੱਪ ਦੇ ਪੂਲ ਗੇੜ ਵਿੱਚ ਹਰਾਉਣ ਤੋਂ ਪਹਿਲਾਂ ਭਾਰਤ ਨੂੰ ਪਿਛਲੇ ਸਾਲ ਜੋਹਾਨਿਸਬਰਗ ਵਿੱਚ ਹਾਕੀ ਵਰਲਡ ਲੀਗ ਸੈਮੀ-ਫਾਈਨਲ ਵਿੱਚ 2-1 ਨਾਲ ਹਰਾਇਆ ਸੀ।
1974 ਵਿੱਚ ਭਾਰਤ ਸੈਮੀ-ਫਾਈਨਲ ਵਿੱਚ ਅੱਪੜਿਆ ਸੀ
ਭਾਰਤੀ ਟੀਮ ਸਿਰਫ਼ ਇੱਕ ਵਾਰ ਹੀ ਵਰਲਡ ਕੱਪ ਦੇ ਆਖ਼ਰੀ-4 ਵਿੱਚ ਪਹੁੰਚ ਸਕੀ ਹੈ। ਭਾਰਤੀ ਟੀਮ ਇਸ ਤੋਂ ਪਹਿਲਾਂ 1974 ਵਿੱਚ ਫਰਾਂਸ ਵਿੱਚ ਹੋਏ ਵਰਲਡ ਕੱਪ ਵਿੱਚ ਸੈਮੀ-ਫਾਈਨਲ ਵਿੱਚ ਪਹੁੰਚੀ ਸੀ ਅਤੇ ਟੂਰਨਾਮੈਂਟ ਵਿੱਚ ਚੌਥੇ ਸਥਾਨ ਉੱਤੇ ਰਹੀ ਸੀ।  ਅਰਜਨਟੀਨਾ ਦੇ ਰੋਸਾਰਯੋ ਵਿੱਚ ਪਿਛਲੀ ਵਾਰ ਹੋਏ ਵਰਲਡ ਕੱਪ ਟੂਰਨਾਮੈਂਟ ਵਿੱਚ ਭਾਰਤ 8ਵੇਂ ਸਥਾਨ ਉੱਤੇ ਰਿਹਾ ਸੀ।