ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਪੰਜਾਬੀ ਖਿਡਾਰੀਆਂ ਨੇ ਚਮਕਾਇਆ ਭਾਈਚਾਰੇ ਦਾ ਨਾਮ

ਫਰਿਜ਼ਨੋ, ਕੈਲੇਫੋਰਨੀਆ, 1 ਅਗਸਤ (ਹੁਸਨ ਲੜੋਆ ਬੰਗਾ) – ਅਮਰੀਕਾ ਦੀ ਨਿਊ-ਮੈਕਸੀਕੋ ਸਟੇਟ ਦੇ ਸੋਹਣੇ ਸ਼ਹਿਰ ਐਲਬਾਕਰਕੀ ਵਿੱਚ 40ਵੀਆਂ ਸੀਨੀਅਰ ਉਲੰਪਿਕ ਖੇਡਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਖੇਡਾਂ ਵਿੱਚ ਦੁਨੀਆ ਭਰ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ। ਇਹ ਖੇਡਾਂ ਸਥਾਨਿਕ ਟਰੈਕ ਐਂਡ ਫ਼ੀਲਡ ਖੇਤਰ ਵਿੱਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਫਰਿਜ਼ਨੋ ਸ਼ਹਿਰ ਦੇ ਦੋ ਪੰਜਾਬੀ ਸੀਨੀਅਰ ਗੱਰੂਭਆਂ ਨੇ ਵੀ ਹਿੱਸਾ ਲਿਆ ਅਤੇ ਕਈ ਮੈਡਲ ਆਪਣੇ ਨਾਮ ਕੀਤੇ। ਇਨ੍ਹਾਂ ਖਿਡਾਰੀਆਂ ਵਿੱਚੋਂ ਗੁਰਬਖ਼ਸ਼ ਸਿੰਘ ਸਿੱਧੂ ਨੇ ਹੈਮਰ ਥਰੋਅ ਵਿੱਚ ਸੋਨੇ ਦਾ ਤਗਮਾ ਅਤੇ ਡਿਸਕਸ ਥਰੋਅ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਸੁਖਨੈਣ ਸਿੰਘ ਨੇ ਟਰਿੱਪਲ ਜੰਪ ਅਤੇ ਲੌਂਗ ਜੰਪ ਵਿੱਚ ਸੋਨੇ ਦਾ ਤਗਮਾ ਜਿੱਤਿਆ ਅਤੇ 50 ਮੀਟਰ ਡੈਸ਼ ਰੇਸ ਵਿੱਚ ਉਸ ਨੂੰ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਇਹ ਦੱਸਦੇਈਏ ਕਿ ਸੁਖਨੈਣ ਤੇ ਗੁਰਬਖ਼ਸ਼ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਆਪਣੇ ਖ਼ਰਚੇ ਉੱਤੇ ਅਮਰੀਕਾ ਭਰ ਵਿੱਚ ਸੀਨੀਅਰ ਗੇਮਾਂ ਵਿੱਚ ਹਿੱਸਾ ਲੈ ਕੇ ਤਗਮੇ ਜਿੱਤਦੇ ਆ ਰਹੇ ਹਨ।