ਮਾਲਵੇ ਦੀ ਧੀ ਰੀਨਤ ਸੰਧੂ ਇਟਲੀ ਵਿੱਚ ਭਾਰਤ ਦੀ ਰਾਜਦੂਤ ਨਿਯੁਕਤ

ਵਾਸ਼ਿੰਗਟਨ ਡੀ.ਸੀ, 20 ਜੂਨ (ਸੰਦੀਪ ਸਿੰਘ ਚਾਹਲ) – ਭਾਰਤੀ ਸਫ਼ਾਰਤਖ਼ਾਨੇ ਵਿੱਚ ਡਿਪਟੀ ਚੀਫ਼ ਆਫ਼ ਮਿਸ਼ਨ ਦੇ ਅਹੁਦੇ ਤੇ ਤਾਇਨਾਤ ਤੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਮੁਲਤਾਨੀਆਂ ਦੀ ਜੰਮਪਲ ਸ੍ਰੀਮਤੀ ਰੀਨਤ ਸੰਧੂ ਨੂੰ ਭਾਰਤ ਸਰਕਾਰ ਵੱਲੋਂ ਇਟਲੀ ਵਿੱਚ ਭਾਰਤ ਦੀ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਜਿੱਥੇ ਸ੍ਰੀਮਤੀ ਸੰਧੂ ਕੁੱਝ ਹੀ ਦਿਨਾਂ ਵਿੱਚ ਆਪਣਾ ਨਵਾਂ ਅਹੁਦਾ ਸੰਭਾਲ ਕੇ ਕੰਮਕਾਰ ਆਰੰਭ ਕਰ ਦੇਣਗੇ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸ੍ਰੀਮਤੀ ਰੀਨਤ ਸੰਧੂ ਸ੍ਰੀਲੰਕਾ ਵਿੱਚ ਤਾਇਨਾਤ ਭਾਰਤੀ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਦੀ ਧਰਮ ਪਤਨੀ ਹੈ। ਸ. ਸੰਧੂ ਜਿੱਥੇ ਸ. ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਪੁੱਤਰ ਤੇ ਪੰਜਾਬ ਦੇ ਮਾਝੇ ਹਲਕੇ ਨਾਲ ਸਬੰਧ ਰੱਖਦੇ ਹਨ। ਉੱਥੇ ਸ੍ਰੀਮਤੀ ਰੀਨਤ ਸੰਧੂ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਸ. ਅਮਰਜੀਤ ਸਿੰਘ ਦੀ ਸਪੁੱਤਰੀ ਹੈ ਜਿਹੜੇ ਕਿ ਇਕ ਉੱਘੇ ਬਿਜ਼ਨਸਮੈਨ ਹਨ। ਦੇਸ਼ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਪਤੀ ਪਤਨੀ ਵੱਖ ਵੱਖ ਦੇਸ਼ਾਂ ਵਿੱਚ ਭਾਰਤੀ ਰਾਜਦੂਤ ਨਿਯੁਕਤ ਹੋਏ ਹੋਣ। ਸੰਧੂ ਪਰਿਵਾਰ ਦੀਆਂ ਖ਼ੁਸ਼ੀਆਂ ਵਿੱਚ ਸ਼ਰੀਕ ਹੋਣ ਲਈ ਉਨ੍ਹਾਂ ਦੇ ਦੋਸਤਾਂ, ਸ਼ੁੱਭਚਿੰਤਕਾਂ ਤੇ ਸਹਿਯੋਗੀਆਂ ਵੱਲੋਂ ਵਧਾਈ ਸੰਦੇਸ਼ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।