ਮਾਸਟਰ ਹਰਨਾਮ ਸਿੰਘ ਗਿੱਲ ਦਾ ਵਿਛੋੜਾ

ਡਾ. ਚਰਨਜੀਤ ਸਿੰਘ ਗੁਮਟਾਲਾ 001937573912 (ਅਮਰੀਕਾ)

8 ਸਤੰਬਰ 2021 ਦੇ ਅੰਕ ਲਈ

ਮਾਸਟਰ ਹਰਨਾਮ ਸਿੰਘ ਗਿੱਲ ਦਾ ਜਨਮ 15 ਅਪ੍ਰੈਲ 1925 ਨੂੰ ਅਟਾਰੀ ਬਾਰਡਰ ਦੇ ਲਾਗੇ ਇੱਕ ਛੋਟੇ ਜਿਹੇ ਪਿੰਡ ਰਤਨ ਵਿੱਚ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਂ ਬੀਬੀ ਤੇਜ ਕੌਰ ਤੇ ਪਿਤਾ ਦਾ ਨਾਂ ਸ. ਪ੍ਰਤਾਪ ਸਿੰਘ ਸੀ। ਉਨ੍ਹਾਂ ਨੇ ਪ੍ਰਾਇਮਰੀ ਪਿੰਡ ਪੁਲ ਕੰਜਰੀ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ ਤੇ ਮੈਟ੍ਰਿਕ ਸਰਕਾਰੀ ਹਾਈ ਸਕੂਲ ਅਟਾਰੀ ਤੋਂ 1945 ਵਿੱਚ ਕੀਤੀ। ਉਨ੍ਹਾਂ ਐਫ.ਏ. 1947 ਵਿੱਚ ਸਿੱਖ ਨੈਸ਼ਨਲ ਕਾਲਜ ਲਾਹੌਰ ਜਿੱਥੋਂ ਦੇ ਪ੍ਰਿੰਸੀਪਲ ਮਾਸਟਰ ਤਾਰਾ ਸਿੰਘ ਦੇ ਭਰਾ ਸ. ਨਿਰੰਜਨ ਸਿੰਘ ਸਨ ਤੋਂ ਕੀਤੀ। ਫਿਰ ਪਾਕਿਸਤਾਨ ਬਣ ਗਿਆ ਤੇ ਇਹ ਸਿੱਖ ਨੈਸ਼ਨਲ ਕਾਲਜ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਆ ਗਿਆ, ਜਿੱਥੇ ਕਿ ਅਜੇ ਵੀ ਚੱਲ ਰਿਹਾ ਹੈ। ਇਸ ਕਾਲਜ ਤੋਂ ਆਪ ਨੇ 1950 ਵਿੱਚ ਬੀ.ਏ. ਕੀਤੀ।
ਆਪ ਦੇ ਪਿਤਾ ਜੀ ਸਰਗਰਮ ਅਕਾਲੀ ਆਗੂ ਸਨ ਤੇ ਉਨ੍ਹਾਂ ਨੇ ਸ. ਈਸ਼ਰ ਸਿੰਘ ਮਝੈਲ, ਗਿਆਨੀ ਕਰਤਾਰ ਸਿੰਘ ਤੇ ਜਥੇਦਾਰ ਮੋਹਨ ਸਿੰਘ ਤੁੜ ਨਾਲ ਅਕਾਲੀ ਮੋਰਚਿਆਂ ਵਿਚ ਕੈਦ ਕੱਟੀ ਹੋਈ ਸੀ। ਸ. ਈਸ਼ਰ ਸਿੰਘ ਮਝੈਲ ਚੋਣਾਂ ਵਿੱਚ ਆਪ ਦੇ ਪਿੰਡ ਆਏ। ਆਪ ਨੇ ਦੱਸਿਆ ਕਿ ਪਿਤਾ ਜੀ ਤਾਂ ਸਵਰਗਵਾਸ ਹੋ ਗਏ ਹਨ ਪਰ ਮੈਂ ਤੁਹਾਡੀ ਚੋਣਾਂ ਵਿੱਚ ਜ਼ਰੂਰ ਮਦਦ ਕਰਾਂਗਾ। ਮਝੈਲ ਸਾਹਿਬ ਨੇ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ। ਉਨ੍ਹਾਂ ਕਿਹਾ ਕਿ ਵਿਹਲਾ ਹੁੰਦਾ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਅੰਮ੍ਰਿਤਸਰ ਮਿਲੋ। ਉਹ ਉਸ ਸਮੇਂ ਸ਼੍ਰੋਮਣੀ ਗੁਰਦੁਆਰੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ।ਉਨ੍ਹਾਂ ਨੇ ਇਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਹਾਈ ਸਕੂਲ ,ਅੰਮ੍ਰਿਤਸਰ ਵਿਚ ਅਨਟਰੇਂਡ ਮਾਸਟਰ ਲਵਾ ਦਿੱਤਾ।
ਉਨ੍ਹਾਂ ਦਿਨਾਂ ਵਿੱਚ ਤਾਂ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਅੰਮ੍ਰਿਤਸਰ ਵਿੱਚ ਬੀ.ਟੀ. ਦੇ ਦਾਖ਼ਲੇ ਵਿੱਚ ਸਿਫ਼ਾਰਸ਼ ਚੱਲਦੀ ਸੀ। ਆਪ ਨੇ ਸ. ਈਸ਼ਰ ਸਿੰਘ ਮਝੈਲ ਤੇ ਗਿਆਨੀ ਕਰਤਾਰ ਸਿੰਘ ਪਾਸ ਦਾਖ਼ਲੇ ਲਈ ਪਹੁੰਚ ਕੀਤੀ। ਉਨ੍ਹਾਂ ਨੇ ਉਸ ਸਮੇਂ ਦੇ ਵਾਇਸ ਪ੍ਰਿੰਸੀਪਲ ਸ. ਹਰਨਾਮ ਸਿੰਘ ਨੂੰ ਸਿਫ਼ਾਰਸ਼ ਕਰਕੇ ਆਪ ਨੂੰ ਬੀ.ਟੀ ਵਿੱਚ ਦਾਖਲਾ ਦਵਾ ਦਿੱਤਾ। ਇਸ ਤਰ੍ਹਾਂ ਆਪ ਨੇ 1954-55 ਵਿੱਚ ਬੀ.ਟੀ. ਕਰ ਲਈ ਤੇ ਉਹ ਸਕੂਲ ਵਿੱਚ ਪੱਕੇ ਹੋ ਗਏ।
1960 ਵਿੱਚ ਖ਼ਾਲਸਾ ਕਾਲਜ ਹਾਈ ਸਕੂਲ ਵਿੱਚ ਅਸਾਮੀਆਂ ਨਿਕਲੀਆਂ। ਆਪ ਨੇ ਅਰਜ਼ੀ ਦੇ ਦਿੱਤੀ। ਆਪ ਦੀ ਚੋਣ ਹੋ ਗਈ। ਆਪ ਦੇ ਨਾਲ ਹੀ ਪ੍ਰੋ. ਮੋਹਨ ਸਿੰਘ ਵੀ ਉਸ ਸਮੇਂ ਆਪ ਦੇ ਨਾਲ ਬਤੌਰ ਸਾਇੰਸ ਮਾਸਟਰ ਚੁਣੇ ਗਏ। ਸ. ਸ਼ੰਗਾਰਾ ਸਿੰਘ ਜੋ ਕਿ ਬਾਅਦ ਵਿੱਚ ਰਾਮਗੜ੍ਹੀਆ ਸਕੂਲ ਤੇ ਖ਼ਾਲਸਾ ਕਾਲਜ ਹਾਇਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੇ ਪ੍ਰਿੰਸੀਪਲ ਬਣੇ, ਉਸ ਸਮੇਂ ਆਪ ਨਾਲ ਹੀ ਸਾਇੰਸ ਮਾਸਟਰ ਨਿਯੁਕਤ ਹੋਏ।
1965 ਈ. ਵਿੱਚ ਇੰਗਲੈਂਡ ਵਿੱਚ ਨੌਕਰੀਆਂ ਲਈ ਵਾਊਚਰ ਮਿਲਣ ਲੱਗੇ ਤਾਂ ਆਪ ਨੇ ਵੀ ਨੌਕਰੀ ਲਈ ਅਰਜ਼ੀ ਭੇਜ ਦਿੱਤੀ।ਪ੍ਰਵਾਨਗੀ ਮਿਲਣ ‘ਤੇ ਆਪ ਨੇ 14 ਸਤੰਬਰ 1965 ਦੀ ਹਵਾਈ ਜਹਾਜ਼ ਦੀ ਇੰਗਲੈਂਡ ਲਈ ਟਿਕਟ ਬੁੱਕ ਕਰਾਈ, ਪਰ 4 ਸਤੰਬਰ 1965 ਨੂੰ ਹਿੰਦ ਪਾਕਿਸਤਾਨ ਲੜਾਈ ਲੱਗ ਗਈ ਤੇ ਆਪ ਇੰਗਲੈਂਡ ਜਾ ਨਾ ਸਕੇ। ਇਸ ਲੜਾਈ ਵਿੱਚ ਖੇਮ ਕਰਨ ਤੇ ਕਈ ਹੋਰ ਪਿੰਡ ਪਾਕਿਸਤਾਨ ਦੇ ਕਬਜ਼ੇ ਵਿੱਚ ਆ ਗਏ। ਜਦ ਲੜਾਈ ਖ਼ਤਮ ਹੋਈ ਤਾਂ ਸਰਕਾਰ ਨੇ ਫ਼ੈਸਲਾ ਕੀਤਾ ਕਿ ਵਲਟੋਹਾ ਤੇ ਹੋਰ ਬਾਰਡਰ ਦੇ ਜਿਹੜੇ ਸਕੂਲ ਲੜਾਈ ਕਰਕੇ ਉੱਜੜ ਗਏ ਹਨ ਉਹ ਸਰਕਾਰ ਆਪਣੇ ਵਿਚ ਹੱਥ ਲਵੇਗੀ। ਆਪ ਨੇ ਵਲਟੋਹਾ ਸਕੂਲ ਵਿੱਚ ਨੌਕਰੀ ਲੈ ਲਈ। ਇਸ ਤਰ੍ਹਾਂ ਆਪ ਸਰਕਾਰੀ ਨੌਕਰੀ ਵਿੱਚ ਆ ਗਏ। ਫਿਰ ਕਈ ਸਕੂਲਾਂ ਵਿੱਚ ਕੰਮ ਕਰਦੇ ਰਹੇ। ਅੰਤ ਵਿੱਚ 30 ਅਪ੍ਰੈਲ 1983 ਨੂੰ ਸਰਕਾਰੀ ਹਾਇਰ ਸੈਕੰਡਰੀ ਸਕੂਲ ਟਾਊਨ ਹਾਲ ਅੰਮ੍ਰਿਤਸਰ ਤੋਂ ਬਤੌਰ ਸੋਸ਼ਲ ਸਟੱਡੀਜ਼ ਮਾਸਟਰ ਸੇਵਾ ਮੁਕਤ ਹੋਏ।
ਆਪ ਬਹੁਤ ਹੀ ਨੇਕ ਦਿਲ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਆਪ ਦੇ ਪੜ੍ਹਾਏ ਹੋਏ ਵਿਦਿਆਰਥੀ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ। ਕਈ ਡਾਕਟਰ, ਇੰਜੀਨੀਅਰ, ਅਧਿਆਪਕ, ਪੀ ਸੀ ਐਸ ਤੇ ਆਈ ਏ ਐਸ ਬਣੇ।ਆਪ ਅਗਾਂਹ ਵਧੂ ਖ਼ਿਆਲਾ ਦੇ ਮਾਲਕ ਸਨ ਤੇ ਵਿਦਿਆਰਥੀਆਂ ਨੂੰ ਉਸਾਰੂ ਸਾਹਿਤ ਪੜ੍ਹਨ ਲਈ ਦੇਂਦੇ ਸਨ। ਆਪ ਨੇ ਸ੍ਰੀ ਗੁਰੂ ਰਾਮਦਾਸ ਹਾਇਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਚ ਆਪਣੇ ਨੌਵੀਂ ਜਮਾਤ ਦੇ ਵਿਦਿਆਰਥੀ ਨ੍ਰਿਪਇੰਦਰ ਰਤਨ ਜੋ ਇਸ ਸਮੇਂ ਸੇਵਾ ਮੁਕਤ ਆਈ ਏ ਐਸ ਅਫ਼ਸਰ ਹਨ ਨੂੰ ਪੰਜਾਬੀ ਵਿਚ ਲਾਲਾ ਹਰਦਿਆਲ ਦੀ ਪੁਸਤਕ ‘ਹਿੰਟਸ ਫ਼ਾਰ ਸੈੱਲਫ਼ ਕਲਚਰ’ ਪੜ੍ਹਨ ਨੂੰ ਦਿੱਤੀ ਜਿਸ ਨਾਲ ਉਹ ਵਿਗਿਆਨਕ ਸੋਚ ਦੇ ਮਾਲਕ ਹੋ ਗਏ।ਉਨ੍ਹਾਂ ਨੇ ਆਪਣੀ ਪੁਸਤਕ’ ਮੇਰੀ ਪੀਲੀ ਕਮਾਈ ‘ ਵਿਚ ਲਿਖਿਆ ਹੈ ਕਿ ਉਨ੍ਹਾਂ ( ਮਾਸਟਰ ਹਰਨਾਮ ਸਿੰਘ) ਦੇ ਕਹਿਣ ਉੱਤੇ ਹੀ ਮੈਂ ਸਭ ਤੋਂ ਪਹਿਲਾਂ ਲਾਲਾ ਹਰਦਿਆਲ ਦੀ ਪ੍ਰਸਿੱਧ ਕਿਤਾਬ ‘ਹਿੰਟਸ ਫ਼ਾਰ ਸੈੱਲਫ਼ ਕਲਚਰ’ ,ਪੰਜਾਬੀ ਵਿੱਚ ਪੜ੍ਹੀ ਅਤੇ ਅੱਖਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ। ਪਾਠ ਕਰਨ, ਮੱਥੇ ਟੇਕਣ, ਅਰਦਾਸਾਂ ਕਰਨ ਤੋਂ ਪਾਸਾ ਵੱਟਣਾ ਸ਼ੁਰੂ ਕੀਤਾ। ਸ਼ੁਰੂ ਸ਼ੁਰੂ ਵਿੱਚ, ਡਰਦੇ ਡਰਦੇ, ਚਰਨ ਧੂੜ ਭਰਵੱਟਿਆਂ ਉੱਤੇ ਲਾਣੀ ਬੰਦ ਕੀਤੀ। ਹੌਲੀ ਹੌਲੀ ਮਾਰਕਸ ਬਾਰੇ, ਸਮਾਜਵਾਦ, ਕਮਿਊਨਿਜ਼ਮ ਬਾਰੇ ਪੜ੍ਹਨਾ ਅਤੇ ਜਾਣਨਾ ਸ਼ੁਰੂ ਕੀਤਾ।ਇਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਬਦਲਾਅ ਆ ਗਿਆ।
ਆਪ ਪ੍ਰਮਾਤਮਾ ਵੱਲੋਂ ਦਿੱਤੀ ਸੁਆਸਾਂ ਦੀ ਪੂੰਜੀ ਪੂਰੀ ਕਰਕੇ 30 ਅਗਸਤ 2021 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।ਉਨ੍ਹਾਂ ਦੇ ਨਮਿਤ ਰੱਖੇ ਅਖੰਡ ਪਾਠ ਦਾ ਭੋਗ 8 ਸਤੰਬਰ 2021 ਦਿਨ ਬੁੱਧਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਵੇਗਾ , ਉਪਰੰਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਬੀ ਬਲਾਕ ਰਣਜੀਤ ਐਵਿਨਿਊ ,ਅੰਮ੍ਰਿਤਸਰ ਵਿਖੇ 1 ਤੋਂ 2 ਵੱਜੇ ਤੱਕ ਅੰਤਿਮ ਅਰਦਾਸ ਹੋਏਗੀ। ਆਪ ਦੇ ਸਾਕ-ਸਨੇਹੀ , ਵਿਦਿਆਰਥੀ ਤੇ ਸਾਥੀ ਆਪ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।