ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 21 ਹੋਰ ਨਵੇਂ ਕੇਸ ਸਾਹਮਣੇ ਆਏ

ਵੈਲਿੰਗਟਨ, 7 ਸਤੰਬਰ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 21 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਅੱਜ ਮੰਗਲਵਾਰ ਦੁਪਹਿਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਸਰਕਾਰ ਫਾਈਜ਼ਰ ਟੀਕੇ ਦੀਆਂ ਖ਼ੁਰਾਕਾਂ ਦੀ ਵਾਧੂ ਸਪਲਾਈ ਮੁਹੱਈਆ ਕਰਵਾਉਣ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਰਹੀ ਹੈ। ਪਿਛਲੇ ਦੋ ਹਫ਼ਤਿਆਂ ਤੋਂ ਗੱਲਬਾਤ ਚੱਲ ਰਹੀ ਸੀ। ਸਾਨੂੰ ਵਾਧੂ ਸਪਲਾਈ ਪ੍ਰਾਪਤ ਕਰਨ ਦੀ ਜ਼ਰੂਰਤ ਸੀ।
ਡਾ. ਬਲੂਮਫੀਲਡ ਨੇ ਕਿਹਾ ਕਿ ਅੱਜ ਦੇ ਕਮਿਊਨਿਟੀ ਵਿੱਚ ਆਏ 21 ਨਵੇਂ ਕੋਵਿਡ ਕੇਸ ਸਾਰੇ ਹੀ ਆਕਲੈਂਡ ਦੇ ਹਨ। ਦੇਸ਼ ‘ਚ ਕਮਿਊਨਿਟੀ ਦੇ 841 ਕੇਸ ਹੋ ਗਏ ਹਨ। ਜਿਨ੍ਹਾਂ ਵਿੱਚੋਂ 824 ਆਕਲੈਂਡ ਅਤੇ 17 ਵੈਲਿੰਗਟਨ ਦੇ ਕੇਸ ਹਨ। ਜਦੋਂ ਕਿ 146 ਲੋਕੀ ਰਿਕਵਰ ਹੋਏ ਹਨ। ਹੁਣ ਹਸਪਤਾਲ ਵਿੱਚ 39 ਮਰੀਜ਼ ਹਨ ਜਿਨ੍ਹਾਂ ਵਿੱਚੋਂ 6 ਸਖ਼ਤ ਦੇਖਭਾਲ (ICU) ਵਿੱਚ ਹਨ, ਜਿਨ੍ਹਾਂ ‘ਚੋਂ 4 ਵੈਂਟੀਲੇਟਰ ‘ਤੇ ਹਨ।
ਕੱਲ੍ਹ ਤੋਂ ਅਣਲਿੰਕ ਕੀਤੇ ਮਾਮਲਿਆਂ ਦੀ ਕੁੱਲ ਗਿਣਤੀ 33 ਤੋਂ ਘੱਟ ਕੇ 24 ਹੋ ਗਈ ਹੈ। ਕੱਲ੍ਹ ਦੇ 20 ਮਾਮਲਿਆਂ ਵਿੱਚੋਂ 17 ਜਾਣੇ ਜਾਂਦੇ ਸੰਪਰਕ ਅਤੇ 16 ਘਰੇਲੂ ਸੰਪਰਕ ਦੇ ਹਨ, ਜੋ ਪਹਿਲਾਂ ਤੋਂ ਹੀ ਆਈਸੋਲੇਟ ਹਨ। ਸਿਰਫ਼ 4 ਹੀ ਕਮਿਊਨਿਟੀ ਵਿੱਚੋਂ ਸਨ ਤੇ 8 ਐਕਸਪੋਜ਼ਰ ਈਵੈਂਟ ਬਣਾ ਰਹੇ ਸਨ।