ਸਿੱਖ ਭਾਈਚਾਰੇ ਨੂੰ ਜ਼ਰੂਰੀ ਬੇਨਤੀ: ਕ੍ਰਿਪਾਨ ਆਪਣੀ ਪੋਸ਼ਾਕ ਦੇ ਉੱਪਰੋਂ ਦੀ ਪਾ ਕੇ ਜਨਤਕ ਥਾਵਾਂ ਉੱਤੇ ਅਤੇ ਘਰਾਂ ਤੋਂ ਬਾਹਰ ਨਾ ਜਾਇਆ ਜਾਵੇ – ਸਮੂਹ ਗੁਰੂਘਰ ਨਿਊਜ਼ੀਲੈਂਡ

ਆਕਲੈਂਡ, 6 ਸਤੰਬਰ – ਨਿਊਜ਼ੀਲੈਂਡ ਦੇ ਸਮੂਹ ਗੁਰੂਘਰਾਂ ਵੱਲੋਂ ਨਿਊਜ਼ੀਲੈਂਡ ਵਿੱਚ ਵੱਸਦੇ ਸਾਰੇ ਹੀ ਅੰਮ੍ਰਿਤਧਾਰੀ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸ੍ਰੀ ਸਾਹਿਬ (ਕ੍ਰਿਪਾਨ) ਨੂੰ ਆਪਣੀ ਪੋਸ਼ਾਕ ਦੇ ਉੱਪਰੋਂ ਦੀ ਪਾ ਕੇ ਜਨਤਕ ਥਾਵਾਂ ਉੱਤੇ ਅਤੇ ਘਰਾਂ ਤੋਂ ਬਾਹਰ ਨਾ ਜਾਇਆ ਜਾਵੇ। ਕਿਉਂਕਿ 3 ਸਤੰਬਰ ਦਿਨੀਂ ਸ਼ੁੱਕਰਵਾਰ ਨੂੰ ਲਿਨਮਾਲ ਦੇ ਕਾਉਂਟਡਾਉਨ ‘ਚ ਚਾਕੂ ਨਾਲ ਕੀਤੇ ਅਤਿਵਾਦੀ ਹਮਲੇ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਸਾਰੇ ਨਿਊਜ਼ੀਲੈਂਡ ਵਿੱਚ ਸਕਿਉਰਿਟੀ ਸਖ਼ਤ ਕੀਤੀ ਗਈ ਹੈ ਅਤੇ ਜਿਸ ਦੇ ਕਰਕੇ ਸ੍ਰੀ ਸਾਹਿਬ ਨੂੰ ਪੁਰਸ਼, ਬੀਬੀਆਂ ਅਤੇ ਬੱਚੇ ਆਪਣੇ ਕੱਪੜਿਆਂ ਦੇ ਹੇਠਾਂ ਦੀ ਪਾਉਣ ਤਾਂ ਜੋ ਉਹ ਨਜ਼ਰ ਨਾ ਆਵੇ। ਜੇ ਕਿਧਰੇ ਇਹ ਨਜ਼ਰ ਆ ਗਈ ਤਾਂ ਸੁਰੱਖਿਆ ਦੇ ਲਿਹਾਜ਼ ਨਾਲ ਤੁਹਾਨੂੰ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਆਕਲੈਂਡ ਵਿੱਚ ਸ੍ਰੀ ਸਾਹਿਬ ਨੂੰ ਲੈ ਕੇ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਵਿੱਚ ਸ੍ਰੀ ਸਾਹਿਬ ਨਜ਼ਰ ਆ ਰਹੀ ਸੀ। ਜਿਸ ਨੂੰ ਲੈ ਕੇ ਸਕਿਉਰਿਟੀ ਨੇ ਇਤਰਾਜ਼ ਜਤਾਇਆ ਅਤੇ ਬਹਿਸਬਾਜ਼ੀ ਵੀ ਹੋਈ।
ਇਸ ਸੰਬੰਧੀ ਸਾਰੇ ਹੀ ਗੁਰੂਘਰਾਂ ਵੱਲੋਂ ਸਾਂਝੇ ਤੌਰ ‘ਤੇ ਸਹਿਮਤੀ ਨਾਲ ਬੇਨਤੀ ਕੀਤੀ ਗਈ ਹੈ ਕਿ ਸੁਰੱਖਿਆ ਦੇ ਲਿਹਾਜ਼ ਨਾਲ ਸ੍ਰੀ ਸਾਹਿਬ ਨੂੰ ਆਪਣੇ ਕੱਪੜਿਆਂ ਦੇ ਹੇਠਾਂ ਪਾਇਆ ਜਾਵੇ ਤਾਂ ਜੋ ਸ੍ਰੀ ਸਾਹਿਬ ਸਾਹਮਣੇ ਨਜ਼ਰ ਨਾ ਆਵੇ ਅਤੇ ਤੁਸੀਂ ਆਪ ਵੀ ਸੁਰੱਖਿਅਤ ਰਹੋ ਅਤੇ ਦੂਜੇ ਵੀ ਸੁਰੱਖਿਅਤ ਮਹਿਸੂਸ ਕਰਨ।
ਜਾਰੀ ਕਰਤਾ: ਨਿਊਜ਼ੀਲੈਂਡ ਦੇ ਸਮੂਹ ਗੁਰੂਘਰ