ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 15 ਹੋਰ ਨਵੇਂ ਕੇਸ ਸਾਹਮਣੇ ਆਏ, ਆਕਲੈਂਡ ਨੂੰ ਛੱਡ ਕੇ ਬਾਕੀ ਨਿਊਜ਼ੀਲੈਂਡ ਲੈਵਲ 2 ਉੱਤੇ

ਵੈਲਿੰਗਟਨ, 8 ਸਤੰਬਰ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 15 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਜਦੋਂ ਕਿ ਆਕਲੈਂਡ ਨੂੰ ਛੱਡ ਕੇ ਅੱਜ ਪਹਿਲੇ ਦਿਨ ਸਾਰਾ ਨਿਊਜ਼ੀਲੈਂਡ ਅਲਰਟ ਲੈਵਲ 2 ‘ਤੇ ਚਲਾ ਗਿਆ, ਫ਼ਿਲਹਾਲ ਆਕਲੈਂਡ 13 ਸਤੰਬਰ ਦਿਨ ਸੋਮਵਾਰ ਤੱਕ ਅਲਰਟ ਲੈਵਲ 4 ਵਿੱਚ ਹੀ ਰਹੇਗਾ।
ਡਾ. ਬਲੂਮਫੀਲਡ ਨੇ ਕਿਹਾ ਕਿ ਅੱਜ ਦੇ ਕਮਿਊਨਿਟੀ ਵਿੱਚ ਆਏ 15 ਨਵੇਂ ਕੋਵਿਡ ਕੇਸ ਸਾਰੇ ਹੀ ਆਕਲੈਂਡ ਦੇ ਹਨ। ਦੇਸ਼ ‘ਚ ਕਮਿਊਨਿਟੀ ਦੇ 855 ਕੇਸ ਹੋ ਗਏ ਹਨ। ਜਿਨ੍ਹਾਂ ਵਿੱਚੋਂ 838 ਆਕਲੈਂਡ ਅਤੇ 17 ਵੈਲਿੰਗਟਨ ਦੇ ਕੇਸ ਹਨ। ਹਸਪਤਾਲ ਵਿੱਚ 37 ਮਰੀਜ਼ ਹਨ ਜਿਨ੍ਹਾਂ ਵਿੱਚੋਂ 6 ਸਖ਼ਤ ਦੇਖਭਾਲ (ICU) ਵਿੱਚ ਹਨ, ਜਿਨ੍ਹਾਂ ‘ਚੋਂ 4 ਵੈਂਟੀਲੇਟਰ ‘ਤੇ ਹਨ। ਜਦੋਂ ਕਿ 218 ਕੇਸ ਰਿਕਵਰ ਹੋਏ ਹਨ।