ਮਿਸ਼ਨ ਪੰਜਾਬ-2022: ਕੇਜਰੀਵਾਲ ਨੇ ਔਰਤਾਂ ਨੂੰ ਪ੍ਰਤੀ ਮਹੀਨੇ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ

ਮੋਗਾ, 22 ਨਵੰਬਰ – ਇੱਥੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਜੇ ਉਹ ਪੰਜਾਬ ਦੀ ਸੱਤਾ ਵਿੱਚ ਆਉਂਦੇ ਹਨ ਤਾਂ ਸੂਬੇ ਦੀ 18 ਸਾਲ ਤੋਂ ਵੱਧ ਉਮਰ ਦੀ ਹਰੇਕ ਔਰਤ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣਗੇ ਅਤੇ ਪਰਿਵਾਰ ‘ਚ ਇੱਕ ਧੀ, ਨੂੰਹ ਤੇ ਸੱਸ ਦੇ ਨਾਲ ਬਿਰਧ ਔਰਤਾਂ ਨੂੰ ਬੁਢਾਪਾ ਪੈਨਸ਼ਨ ਦੇਣ ਤੋਂ ਇਲਾਵਾ ਇਹ ਰਾਸ਼ੀ ਵੀ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਸਰਕਾਰ ਬਣਨ ‘ਤੇ ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਸਮੇਤ ਹਰ ਤਰ੍ਹਾਂ ਦਾ ਮਾਫ਼ੀਆ ਖ਼ਤਮ ਕਰ ਦਿੱਤਾ ਜਾਵੇਗਾ, ਜਿਹੜਾ ਪੈਸਾ ਹੋਵੇਗਾ ਉਹ ਔਰਤਾਂ ਦੇ ਖਾਤਿਆਂ ‘ਚ ਪਾਇਆ ਜਾਵੇਗਾ।
‘ਆਪ’ ਸੁਪਰੀਮੋ ਕੇਜਰੀਵਾਲ ਨੇ ਮਿਸ਼ਨ-2022 ਤਹਿਤ ਪੰਜਾਬ ‘ਚ ਮੁੱਖ ਮੰਤਰੀ ਦਾ ਚਿਹਰਾ ਅੱਜ ਵੀ ਨਹੀਂ ਐਲਾਨਿਆ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ ‘ਤੇ ਲਿਆ, ਜਦੋਂ ਕਿ ਅਕਾਲੀ ਦਲ ਖ਼ਿਲਾਫ਼ ਇੱਕ ਸ਼ਬਦ ਨਹੀਂ ਬੋਲਿਆ। ਕੇਜਰੀਵਾਲ ਨੇ ਸੂਬੇ ਵਿੱਚ ‘ਆਪ’ ਸਰਕਾਰ ਬਣਾਉਣ ਲਈ ਲੋਕਾਂ ਤੋਂ ਇੱਕ ਮੌਕੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਸੱਤਾ ਹਾਸਲ ਕਰਨ ਲਈ ਆਪਣੇ ਚੋਣ ਮੈਨੀਫੈਸਟੋ ‘ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕੀਤੇ ਝੂਠੇ ਵਾਅਦੇ ਲੋਕਾਂ ਦੇ ਪ੍ਰਤੱਖ ਹੋ ਗਏ ਹਨ। ਲੋਕਾਂ ਦੇ ਜਜ਼ਬਾਤ ਅਤੇ ਭਾਵਨਾਵਾਂ ਨੂੰ ਪਹੁੰਚਾਈ ਭਾਰੀ ਠੇਸ ਲਈ ਕਾਂਗਰਸ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੁੱਖ ਮੰਤਰੀ ਚੰਨੀ ਦਾ ਨਾਮ ਲਏ ਬਿਨਾਂ ਕਿਹਾ, ”ਪੰਜਾਬ ‘ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ, ਮੈਂ ਜੋ ਵੀ ਵਾਅਦਾ ਕਰਦਾ ਹਾਂ। ਦੋ ਦਿਨ ਮਗਰੋਂ ਉਹੀ ਵਾਅਦਾ ਨਕਲੀ ਕੇਜਰੀਵਾਲ ਕਰ ਦਿੰਦੇ ਹਨ। ਕੇਜਰੀਵਾਲ ਦੀ ਨਕਲ ਕਰਨਾ ਅਸਾਨ ਹੈ, ਪਰ ਅਮਲ ਕਰਨਾ ਬੇਹੱਦ ਮੁਸ਼ਕਲ ਹੈ। ਇਸ ਲਈ ਵੱਡਾ ਹੌਂਸਲਾ ਤੇ ਇਮਾਨਦਾਰੀ ਚਾਹੀਦੀ ਹੈ”।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਿਰਫ਼ ਅਰਵਿੰਦ ਕੇਜਰੀਵਾਲ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਹੈ। ਉਨ੍ਹਾਂ ਸੂਬੇ ‘ਚ ਫੈਲੇ ਭ੍ਰਿਸ਼ਟਾਚਾਰ ਤੇ ਮਾਫ਼ੀਆ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਸੱਜੇ ਤੇ ਖੱਬੇ ਪਾਸੇ ਮਾਫ਼ੀਆ ਬੈਠਾ ਰਹਿੰਦਾ ਹੈ। ਇਸ ਮੌਕੇ ‘ਆਪ’ ਸੂਬਾਈ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ-ਇੰਚਾਰਜ ਰਾਘਵ ਚੱਢਾ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਬਲਜਿੰਦਰ ਕੌਰ, ਅਨਮੋਲ ਗਗਨ ਮਾਨ ਤੇ ਹੋਰ ਵੱਡੀ ਗਿਣਤੀ ‘ਚ ਪਾਰਟੀ ਆਗੂ ਮੌਜੂਦ ਸਨ।