ਮੁੱਖ ਮੰਤਰੀ ਨੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਖਤਮ ਕਰਨ ਲਈ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਦਾ ਦਿੱਤਾ ਸੱਦਾ

ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ੩੮ਵੀਂ ਸਾਲਾਨਾ ਬਰਸੀ ‘ਤੇ ਕੀਤੇ ਸ਼ਰਧਾ ਦੇ ਫੁੱਲ ਭੇਂਟ
ਰਾੜਾ ਸਾਹਿਬ (ਲੁਧਿਆਣਾ) 25 ਅਗਸਤ – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਬਾਦਲ ਨੇ ਲੋਕਾਂ ਨੂੰ ਸਮਾਜ ਵਿੱਚੋਂ ਭਰੂਣ ਹੱਤਿਆ, ਦਹੇਜ਼ ਅਤੇ ਨਸ਼ੇ ਆਦਿ ਵਰਗੀਆਂ ਸਮਾਜਿਕ ਬੁਰਾਈਆਂ  ਖਤਮ ਕਰਨ ਲਈ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।  ਸ. ਬਾਦਲ ਅੱਜ ਰਾੜਾ ਸਾਹਿਬ ਵਿਖੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ 38ਵੀਂ ਸਾਲਾਨਾ ਬਰਸੀ ‘ਤੇ ਆਯੋਜਿਤ ਵਿਸ਼ਾਲ ਧਾਰਮਿਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਸ. ਬਾਦਲ ਨੇ ਸਮਾਜ ਵਿੱਚ ਘੱਟ ਰਹੀਆਂ ਕਦਰਾਂ-ਕੀਮਤਾਂ ਤੇ  ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਲੋਕਾਂ ਨੂੰ ਸਮਾਜ ਵਿੱਚ ਪਣਪ ਰਹੀਆਂ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਮੰਤਵ ਲਈ ਧਾਰਮਿਕ ਅਤੇ ਅਧਿਆਤਮਕ ਆਗੂਆਂ ਤੋਂ ਪ੍ਰੇਰਣਾ ਲੈਣੀ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਕਿਹਾ ਕਿ ਧਾਰਮਿਕ ਤੇ ਅਧਿਆਤਮਕ ਆਗੂ  ਸਮਾਜਿਕ ਬੁਰਾਈਆਂ ਖਤਮ ਕਰਨ ਲਈ ਚਾਨਣ-ਮੁਨਾਰੇ ਦਾ ਕੰਮ ਕਰ ਰਹੇ ਹਨ।ਉਹਨਾਂ ਕਿਹਾ ਕਿ ਅਧਿਆਤਮਕ ਨੇਤਾ ਸਮਾਜ ਵਿੱਚੋਂ ਨਸ਼ਿਆਂ ਅਤੇ ਹੋਰ ਬੁਰਾਈਆਂ ਖਤਮ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ… ਮਹੱਤਵ-ਪੂਰਨ ਰੋਲ ਅਦਾ ਕਰ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਧਾਰਮਿਕ ਤੇ ਅਧਿਆਤਮਕ ਆਗੂ ਸਮਾਜ ਵਿੱਚ ਕਦਰਾਂ-ਕੀਮਤਾਂ ਦੀ ਮਜ਼ਬੂਤੀ ਲਈ ਅਤੇ ਆਦਰਸ਼ ਰਾਜ ਦੇ ਨਿਰਮਾਣ ਲਈ ਵੀ ਮਹੱਤਵ-ਪੂਰਨ ਭੂਮਿਕਾ ਨਿਭਾਅ ਸਕਦੇ ਹਨ।ਸ. ਬਾਦਲ ਨੇ ਲੋਕਾਂ ਨੂੰ ਸਾਡੇ ਮਹਾਨ ਗੁਰੂਆਂ ਦੇ ਸਮਰਪਣ ਦੀ ਭਾਵਨਾ ਨਾਲ ਮਾਨਵਤਾ ਦੀ ਸੇਵਾ ਲਈ ਕੀਤੇ ਪ੍ਰਚਾਰ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ।
ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ‘ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ‘ਤੇ ਉਹ ਆਪਣੇ-ਆਪ ਨੂੰ ਵਡਭਾਗੀ ਮੰਨਦੇ ਹਨ। ਉਹਨਾਂ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਸਮਾਜਿਕ ਅਤੇ ਧਾਰਮਿਕ ਖੇਤਰਾਂ ‘ਚ ਵੱਡਾ ਯੋਗਦਾਨ ਪਾਇਆ।ਉਹਨਾਂ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਵੱਲੋਂ ਸਮਾਜਿਕ ਤੇ ਧਾਰਮਿਕ ਤੌਰ ਤੇ ਕੀਤੀਆ ਸੇਵਾਵਾਂ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ।ਉਹਨਾਂ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਰਾਜ ਦੇ ਪਛੜੇ ਖੇਤਰਾਂ ਵਿੱਚ ਸਿੱਖਿਆ ਦੇ ਪ੍ਰਸਾਰ ਲਈ ਵੱਡੀ ਗਿਣਤੀ ਵਿੱਚ ਸਕੂਲ ਅਤੇ ਕਾਲਜ ਖੋਲ੍ਹੇ। ਸ. ਬਾਦਲ ਨੇ ਕਿਹਾ ਕਿ ਬਾਬਾ ਈਸ਼ਰ ਸਿੰਘ ਜੀ ਨੇ ਪੰਜਾਬ ਜਾਂ ਭਾਰਤ ‘ਚ ਹੀ ਨਹੀਂ ਬਲਕਿ ਦੇਸ਼-ਵਿਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਨਾਲ ਜੋੜਿਆ ਅਤੇ ਗੁਰਸਿੱਖੀ ਦਾ ਰਸਤਾ ਦੱਸ ਕੇ ਸੇਵਾ ਸਿਮਰਨ ਦਾ ਮਾਰਗ ਵਿਖਾਇਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮਹਾਨ ਗੁਰੂਆਂ, ਸੰਤਾਂ ਅਤੇ ਪੈਗੰਬਰਾਂ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਰਾਜ ਵਿੱਚ ਹਰ ਕੀਮਤ ‘ਤੇ ਫਿਰਕੂ ਇਕਸੁਰਤਾ, ਭਾਈਚਾਰਾ ਅਤੇ ਏਕਤਾ ਨੂੰ ਬਰਕਰਾਰ ਰੱਖਣ ਲਈ ਹਮੇਸ਼ਾ ਤਤਪਰ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਧਾਰਮਿਕ ਸੰਸਥਾਵਾਂ ਅਤੇ ਮਹੱਤਵਪੂਰਨ ਇਤਿਹਾਸਕ ਸ਼ਹਿਰਾਂ ਦੇ ਵਿਕਾਸ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ੨੦੦ ਕਰੋੜ ਰੁਪਏ ਦੀ ਲਾਗਤ ਨਾਲ ਕਰਤਾਰਪੁਰ ਨੇੜੇ ਜੰਗੀ ਸ਼ਹੀਦਾਂ ਦੀ ਯਾਦ ‘ਚ ਵੱਡੀ ਯਾਦਗਾਰ ਉਸਾਰੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਾਨ ਸ਼ਹੀਦਾਂ ਤੇ ਗੁਰੂ ਸਾਹਿਬਾਨਾਂ ਦੇ ਦਿਵਸ ਰਾਜ ਪੱਧਰ ਤੇ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਹਰ ਧਰਮ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ।
ਇਸ ਤੋਂ ਪਹਿਲਾਂ ਸ. ਬਾਦਲ ਨੇ ਰਾੜਾ ਸਾਹਿਬ ਸੰਪਰਦਾਇ ਦੇ ਮੁੱਖ ਸੇਵਾਦਾਰ ਸ੍ਰੀਮਾਨ ਸੰਤ ਬਾਬਾ ਤੇਜਾ ਸਿੰਘ ਜੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ। ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਸਿੱਖੀ ਨੂੰ ਮਹਾਨ ਦੇਣ ਹੈ ਅਤੇ ਉਨ੍ਹਾਂ ਦੇ ਕੀਰਤਨ ‘ਚ ਅਥਾਹ ਰਸ ਸੀ। ਉਹਨਾਂ ਕਿਹਾ ਕਿ ਰਾੜਾ ਸਾਹਿਬ ਸੰਪਰਦਾਇ ਨੇ ਇਲਾਕੇ ਦੇ ੬੫ ਸਕੂਲ ਅਡਾਪਟ ਕਰਕੇ ਵਿੱਦਿਆ ਦੇ ਖੇਤਰ ‘ਚ ਮਹਾਨ ਯੋਗਦਾਨ ਪਾਇਆ।
ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਨ ਤਪੱਸਵੀ ਅਤੇ ਅਤੇ ਪਰ-ਉਪਕਾਰੀ ਸਨ। ਉਹਨਾਂ ਵੱਲੋਂ ਸਿੱਖੀ ਦੇ ਪ੍ਰਚਾਰ ‘ਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਰਾੜਾ ਸਾਹਿਬ ਸੰਪਰਦਾਇ ਦਾ ਲੋਕਾਂ ਨੂੰ ਸੇਵਾ ਤੇ ਸਿਮਰਨ ਨਾਲ ਜੋੜਨ ‘ਚ ਵੱਡਾ ਯੋਗਦਾਨ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ, ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ, ਸ. ਸੰਤਾ ਸਿੰਘ ਉਮੈਦਪੁਰੀ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ, ਸ. ਜਗਦੀਸ਼ ਸਿੰਘ ਗਰਚਾ ਸਾਬਕਾ ਮੰਤਰੀ, ਪ੍ਰੋ: ਭੁਪਿੰਦਰ ਸਿੰਘ ਚੀਮਾ ਸੀਨੀਅਰ ਯੂਥ ਅਕਾਲੀ ਨੇਤਾ, ਸ. ਰਘਬੀਰ ਸਿੰਘ ਸਹਾਰਨ ਮਾਜਰਾ, ਸ. ਚਰਨ ਸਿੰਘ ਆਲਮਗੀਰ, ਸ. ਹਰਪਾਲ ਸਿੰਘ ਜੱਲ੍ਹਾਂ, ਸ. ਸਤਵਿੰਦਰ ਸਿੰਘ ਟੌਹੜਾ, ਸ. ਗੁਰਪ੍ਰੀਤ ਸਿੰਘ ਰੰਧਾਵਾ (ਸਾਰੇ ਮੈਂਬਰ ਐਸ.ਜੀ.ਪੀ.ਸੀ), ਸੰਤ ਬਾਬਾ ਹਰਜਿੰਦਰ ਸਿੰਘ, ਸੰਤ ਬਾਬਾ ਬਲਜਿੰਦਰ ਸਿੰਘ, ਜਥੇਦਾਰ ਭਰਪੂਰ ਸਿੰਘ ਰੌਣੀ, ਸ. ਨਿਰਮਲ ਸਿੰਘ ਜਿਲ੍ਹਾ ਜਨਰਲ ਸਕੱਤਰ, ਰਾੜਾ ਸਾਹਿਬ ਸੰਪਰਦਾਇ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।