ਮੇਰਾ ਪਿੰਡ ਮੇਰੀ ਪਹਿਚਾਣ-ਪ੍ਰਵਾਸੀਆਂ ਵੱਲੋਂ ਕਲੀਨਿਕ ਭੇਟ, ਸਿਹਤ ਮੰਤਰੀ ਸ. ਚੇਤਨ ਸਿੰਘ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ‘ਆਮ ਆਦਮੀ ਕਲੀਨਿਕ’ ਪਿੰਡ ਬਸਿਆਲਾ ਦਾ ਉਦਘਾਟਨ

ਕਿਸੇ ਵੱਡੇ ਹਸਪਤਾਲ ਦੇ ਝਲਕਾਰੇ ਵਰਗਾ ਹੈ ਦਿਸਦਾ ਹੈ ਇਹ ਮਾਡਰਨ ਹਸਪਤਾਲ
ਡਾ. ਨਰਿੰਦਰ ਕੁਮਾਰ ਸਾਬਕਾ ਐਸ. ਐਮ. ਓ. ਹੋਣਗੇ ਮੈਡੀਕਲ ਅਫਸਰ
ਗੜ੍ਹਸ਼ੰਕਰ, 15 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਕੂਕ ਪੰਜਾਬੀ ਸਮਾਚਾਰ) – ਪੰਜਾਬ ਸਰਕਾਰ ਵੱਲੋਂ ਅੱਜ ਆਜ਼ਾਦੀ ਦਿਵਸ ਦੇ 75ਵੇਂ ਮਹਾਂ ਅੰਮ੍ਰਿਤ ਉਤਸਵਾਂ ਦੀ ਸੰਪੂਰਨਤਾ ਉਤੇ ਪੰਜਾਬ ਦੇ ਵਿਚ 75 ਤੋਂ ਵੱਧ ‘ਆਮ ਆਦਮੀ ਕਲੀਨਿਕ’ ਖੋਲ੍ਹੇ ਗਏ। ਪੰਜਾਬ ਦਾ ਉਹ ਕਲੀਨਿਕ ਜਿਸ ਦਾ ਉਦਘਾਟਨ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਜਰਾ ਵਿਧਾਇਕ ਹਲਕਾ ਸਮਾਣਾ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਰੀਬਨ ਕੱਟ ਕੇ ਕੀਤਾ ਉਹ ਪਿੰਡ ਬਸਿਆਲਾ ਦਾ ਹੈ ਜਿਸ ਦੀ ਇਮਾਰਤ ਨੂੰ ਪਿੰਡ ਦੇ ਪ੍ਰਵਾਸੀ ਸ. ਬਹਾਦਰ ਸਿੰਘ ਹੋਰਾਂ ਨੇ ਆਪਣੇ ਬਜ਼ੁਰਗਾਂ ਦਾਦਾ ਸ੍ਰੀ ਰਾਮ ਚੰਦ, ਪਿਤਾ ਸਵ. ਕਰਤਾਰ ਸਿੰਘ ਅਤੇ ਮਾਤਾ ਸਵ. ਜੀਤ ਕੌਰ ਦੀ ਯਾਦ ਵਿਚ ਤਿਆਰ ਕਰਵਾਇਆ ਹੈ। ਕਿਸੇ ਆਧੁਨਿਕ ਹਸਪਤਾਲ ਵਰਗਾ ਲਗਦਾ ਇਹ ‘ਆਮ ਆਦਮੀ ਕਲੀਨਿਕ’ ਸ਼ਾਇਦ ਦੂਜੇ ਸਾਰੇ ਕਲੀਨਿਕਾਂ ਤੋਂ ਵੱਖਰਾ ਹੋਵੇਗਾ ਕਿਉਂਕਿ ਇਸਦਾ ਕੁੱਲ ਖੇਤਰਫਲ 4000 ਵਰਗ ਫੁੱਟ ਅਤੇ ਛੱਤਿਆ ਖੇਤਰ 1800 ਵਰਗ ਫੁੱਟ ਦੇ ਕਰੀਬ ਹੈ। ਪੰਜਾਬ ਦੇ ਸਿਹਤ ਮੰਤਰੀ ਨੇ ਖਾਸ ਤੌਰ ਉਤੇ ਇਸਦਾ ਉਦਘਾਟਨ ਕਰਨ ਦੀ ਤਮੰਨਾ ਪ੍ਰਗਟ ਕੀਤੀ ਸੀ ਕਿਉਂਕਿ ਇਸ ਹਸਪਤਾਲ ਦਾ ਜ਼ਿਕਰ ਵਿਧਾਇਕ ਸ. ਜੈ ਕ੍ਰਿਸ਼ਨ ਸਿੰਘ ਰੌੜੀ ਜੀ ਨੇ ਪਹਿਲਾਂ ਹੀ ਵਿਧਾਨ ਸਭਾ ਦੇ ਵਿਚ ਕਰ ਦਿੱਤਾ ਸੀ। ਇਸ ਤੋਂ ਬਾਅਦ ਡਾ. ਰਣਜੀਤ ਸਿੰਘ ਨਿਰਦੇਸ਼ਕ ਮੁੱਖੀ ਹੈਲਥ ਸਰਵਿਸਜ, ਡਾ. ਅਮਰਜੀਤ ਸਿੰਘ ਸਿਵਲ ਸਰਜਨ ਹੁਸ਼ਿਆਰਪੁਰ, ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਾ. ਸੰਗੀਤਾ ਅਜੇ ਸਟੇਟ ਨੋਡਲ ਆਫੀਸਰ ਆਮ ਆਦਮੀ ਕਲੀਨਿਕ, ਡਾ. ਗੁਰਮਨ ਸਿੰਘ, ਡਾ. ਰਘਵੀਰ ਸਿੰਘ ਐਸ. ਐਮ. ਓ. ਪੋਸੀ, ਸ੍ਰੀ ਮੁਹੰਮਦ ਆਸਿਫ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਨੈਸ਼ਨਲ ਹੈਲਥ ਮਿਸ਼ਨ, ਡਾ. ਪਵਨ ਕੁਮਾਰ ਸ ਅਤੇ ਹੋਰ ਬਹੁਤ ਸਾਰੇ ਆਫੀਸਰਜ਼ ਨੇ ਇਸ ਕਲੀਨਿਕ ਨੂੰ ਅਮਲੀ ਰੂਪ ਦੇਣ ਵਿਚ ਆਪਣਾ ਯੋਗਦਾਨ ਪਾਇਆ। ਸ਼ਾਮ 4 ਕੁ ਵਜੇ ਬਰਨਾਲਾ ਸ਼ਹਿਰ ਤੋਂ ਤਿਰੰਗਾ ਝੰਡਾ ਲਹਿਰਾ ਕੇ ਤੋ ਪਰਤੇ ਸ. ਚੇਤਨ ਸਿੰਘ ਜੌੜਾਮਾਜਰਾ ਅਤੇ ਅੰਮ੍ਰਿਤਸਰ ਸਾਹਿਬ ਤੋਂ ਤਿਰੰਗਾ ਝੰਡਾ ਲਹਿਰਾ ਕੇ ਪਰਤੇ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਪਿੰਡ ਬਸਿਆਲਾ ਵਿਖੇ ਪੁੱਜ ਕੇ ਜੁੜੇ ਨਗਰ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਸ. ਬਹਾਦਰ ਸਿੰਘ ਹੋਰਾਂ ਨੇ ਸਿਹਤ ਮੰਤਰੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਮਾਸਟਰ ਗੁਰਚਰਨ ਸਿੰਘ ਹੋਰਾਂ ਜੈ ਕ੍ਰਿਸ਼ਨ ਸਿੰਘ ਰੋੜੀ ਹੋਰਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਸਟੇਜ ਸੰਚਾਲਨ ਸ. ਹਰਜਿੰਦਰ ਸਿੰਘ ਬਸਿਆਲਾ ਨੇ ਕਰਦਿਆਂ ਮਾਣਯੋਗ ਸ. ਜੈ ਕ੍ਰਿਸ਼ਨ ਸਿੰਘ ਰੋੜੀ ਹੋਰਾਂ ਦਾ ਅਤੇ ਸਿਹਤ ਮੰਤਰੀ ਸ. ਚੇਤਨ ਸਿੰਘ ਜੋੜਾ ਮਾਜਰਾ ਦਾ ਸਵਾਗਤ ਕੀਤਾ। ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਨੇ ਮੰਤਰੀ ਸਾਹਿਬ ਦਾ ਧੰਨਵਾਦ ਕਰਦਿਆਂ ਜਿੱਥੇ ਆਜਾਦੀ ਦਿਵਸ ਦੀ ਵਧਾਈ ਦਿੱਤੀ ਉਥੇ ਪਿੰਡ ਬਸਿਆਲਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਇਸ ਪਿੰਡ ਨੇ ਵੋਟਾਂ ਵੇਲੇ ਕਿਸੀ ਕਾਰਨ ਬਾਈਕਾਟ ਕਰ ਦਿੱਤਾ ਸੀ, ਪਰ ਸਮੁੱਚਾ ਪਿੰਡ ਉਨ੍ਹਾਂ ਦੇ ਨਾਲ ਰਿਹਾ ਹੈ। ਉਨ੍ਹਾਂ ਇਲਾਕੇ ਲਈ ਮੈਡੀਕਲ ਕਾਲਜ ਦੀ ਮੰਗ ਕੀਤੀ ਅਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਦਾ ਹੋਰ ਸੁਧਾਰ ਕਰਨ ਲਈ ਬੇਨਤੀ ਕੀਤੀ। ਸਿਹਤ ਮੰਤਰੀ ਸ. ਚੇਤਨ ਸਿੰਘ ਜੋੜਾ ਮਾਜਰਾ ਨੇ ਆਪਣਾ ਭਾਸ਼ਣ ਆਜਾਦੀ ਦਿਵਸ ਦੀ ਵਧਾਈ ਦਿੰਦਿਆ ਸ਼ੁਰੂ ਕੀਤਾ। ਉਨ੍ਹਾਂ ਨੇ ਦਿਲੋਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਬਹੁਤ ਲੰਬਾ ਸਫ਼ਰ ਕਰਕੇ ਤੈਅ ਕਰਕੇ ਪਿੰਡ ਬਸਿਆਲਾ ਵਿਖੇ ਇਕ ਪ੍ਰਵਾਸੀ ਪਰਿਵਾਰ ਵੱਲੋਂ ਬਣਾਏ ਗਏ ਇਸ ਵਿਲੱਖਣ ਹਸਪਤਾਲ ਦਾ ਉਦਘਾਟਨ ਕਰਕੇ ਬਹੁਣ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਚ ਸਿਹਤ ਸਹੂਲਤਾਂ ਦੇਣਾ ਮਾਣਯੋਗ ਸ. ਭਗਵੰਤ ਸਿੰਘ ਮਾਨ ਦਾ ਮੁੱਢਲਾ ਕਾਰਜ ਹੈ। ਉਨ੍ਹਾਂ ਹਸਪਤਾਲ ਨੂੰ ਹੋਰ ਅੱਗੇ ਵਧਾਏ ਜਾਣ ਦੀ ਵੀ ਸਹਿਮਤੀ ਦਿਤੀ। ਸ. ਚੇਤਨ ਸਿੰਘ ਨੇ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਦੇ ਮੁਤਾਬਿਕ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰ ਰਹੀ ਹੈ ਅਤੇ ਅੱਜ 100 ਦੇ ਕਰੀਬ ਆਮ ਆਦਮੀ ਕਲੀਨਿਕ ਸ਼ੁਰੂ ਕਰਕੇ ਪੰਜਾਬ ਵਾਸੀਆਂ ਨੂੰ ਸਹੂਲਤ ਦਾ ਆਗਾਜ਼ ਕੀਤਾ ਗਿਆ ਹੈ। ਡਾ. ਰਣਜੀਤ ਸਿੰਘ ਨਿਰਦੇਸ਼ਕ ਮੁੱਖੀ ਹੈਲਥ ਸਰਵਿਸਜ ਵਿਸ਼ੇਸ਼ ਤੌਰ ’ਤੇ ਚੰਡੀਗੜ੍ਹ ਤੋਂ ਪੁਜੇ ਸਨ। ਦਸੂਹਾ ਹਲਕੇ ਤੋਂ ਵਿਧਾਇਕ ਕਰਮਜੀਤ ਸਿੰਘ ਘੁੰਮਣ, ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਚੱਬੇਵਾਲ, ਐਸ. ਡੀ. ਐਮ. ਗੜ੍ਹਸ਼ੰਕਰ, ਐਸ. ਐਸ. ਪੀ. ਹੁਸ਼ਿਆਰਪੁਰ, ਡੀ. ਐਸ. ਪੀ. ਗੜ੍ਹਸ਼ੰਕਰ ਵੀ ਪਹੁੰਚੇ ਹੋਏ ਸਨ। ਹਸਪਤਾਲ ਦੀ ਉਸਾਰੀ ਵਾਸਤੇ ਸਹਿਯੋਗ ਕਰਨ ਲਈ ਅੰਜੂ ਬਾਲਾ ਅਤੇ ਸ੍ਰੀਮਤੀ ਕੁਲਦੀਪ ਕੌਰ ਨੂੰ ਸਿਹਤ ਮੰਤਰੀ ਨੇ ਸਨਮਾਨਿਤ ਕੀਤਾ।
ਮੈਡੀਕਲ ਸਟਾਫ ਦੇ ਵਿਚ ਮੈਡੀਕਲ ਅਫਸਰ ਦੇ ਤੌਰ ਉਤੇ ਡਾ. ਨਰਿੰਦਰ ਕੁਮਾਰ ਜੋ ਸਾਬਕਾ ਐਸ. ਐਮ. ਓ. ਵੀ ਰਹੇ ਹਨ ਨੂੰ ਨਿਯੁਕਤ ਕੀਤਾ ਗਿਆ ਹੈ। ਜਦ ਕਿ ਫਾਰਮੇਸੀ ਦੇ ਵਿਚ ਪਰਦੀਪ ਕੁਮਾਰ ਫਾਰਮੇਸੀ ਅਫਸਰ ਐਚ. ਐਸ. ਸੀ. ਬਹਿਬਲ ਪੁਰ ਨੂੰ ਸੇਵਾ ਦਿੱਤੀ ਗਈ ਹੈ। ਸ੍ਰੀਮਤੀ ਪੂਜਾ ਗੋਗਨਾ ਅਤੇ ਜੋ ਕਿ ਮਲਟੀਪਰਪਜ਼ ਹੈਲਥ ਵਰਕਰ ਨੂੰ ਵੀ ਲਗਾਇਆ ਗਿਆ ਹੈ। ਬਸਿਆਲਾ ਐਨ. ਆਰ. ਆਈ. ਵੈਲਫੇਅਰ ਸੁਸਾਇਟੀ ਦੇ ਸਹਿਯੋਗ, ਨਗਰ ਪੰਚਾਇਤ ਦੀ ਹੱਲਾ ਸ਼ੇਰੀ, ਪ੍ਰਵਾਸੀਆਂ ਦੇ ਵਿੱਤੀ ਸੁਪਰੋਟ ਦੇ ਨਾਲ ਇਹ ਇਕ ਪਿੰਡ ਦੇ ਵਿਚ ਬਣਿਆ ਇਹ ਹਸਪਤਾਲ ਪਿੰਡ ਅਤੇ ਇਲਾਕੇ ਦੀਆਂ ਸਿਹਤ ਸਹੂਲਤਾਂ ਦੇ ਵਿਚ ਮੀਲ ਪੱਥਰ ਸਾਬਿਤ ਹੋਵੇਗਾ।
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਤੋਂ ਆਏ ਤਕਨੀਕੀ ਸਟਾਫ ਨੇ ‘ਆਮ ਆਦਮੀ ਕਲੀਨਿਕ ਮੋਬਾਇਲ ਐਪਲੀਕੇਸ਼ਨ’ ਨੂੰ ਸੈਟਅੱਪ ਕੀਤਾ। ਸ਼ੁਰੂਆਤ ਦੇ ਵਿਚ ਤਿੰਨ ਮਡਿਊਲ ਸੈਟ ਕੀਤੇ ਗਏ ਹਨ। ਇਹ ਐਪਲੀਕੇਸ਼ਨ ਸਿਰਫ ਕਲੀਨਿਕ ਦੇ ਵਿਚ ਵਰਤੀ ਜਾ ਰਹੀ ਹੈ।