ਯੂਬਾ ਸਿਟੀ ਬ੍ਰਦਰਜ਼ ਦੀ ਟੀਮ ਨੇ ਫੀਲਡ ਹਾਕੀ ਦਾ ਕੈਨੇਡਾ ਕੱਪ 2023 ਚੁੰਮਿਆਂ

ਲੜਕੀਆਂ ਦੇ ਮੁਕਾਬਲੇ ਵਿਚ ਬੀਸੀ ਵ੍ਹਾਈਟ ਦੀ ਟੀਮ ਨੇ ਕੈਨੇਡਾ ਕੱਪ ਆਪਣੇ ਨਾਂ ਕੀਤਾ
ਸਰੀ, 18 ਜੁਲਾਈ (ਹਰਦਮ ਮਾਨ) – ਵੈਸਟ ਕੋਸਟ ਕਿੰਗਜ਼ ਫ਼ੀਲਡ ਹਾਕੀ ਸੁਸਾਇਟੀ ਵੱਲੋਂ ਸਰੀ ਦੇ ਟਮੈਨਵਸ ਪਾਰਕ ਵਿਚ ਸਾਲਾਨਾ ਕੈਨੇਡਾ ਕੱਪ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਲਗਾਤਾਰ ਤਿੰਨ ਦਿਨ ਚੱਲੇ ਇਸ ਟੂਰਨਾਮੈਂਟ ਵਿਚ ਉਤਰੀ ਅਮਰੀਕਾ ‘ਚੋਂ ਚੋਟੀ ਦੀਆਂ 40 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦਾ ਉਦਘਾਟਨ ਸਰੀ ਸਿਟੀ ਦੀ ਮੇਅਰ ਬਰੈਂਡਾ ਲੌਕ ਅਤੇ ਸਰੀ ਸੈਂਟਰਲ ਦੇ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਨੇ ਕੀਤਾ। ਇਸ ਮੌਕੇ ਸ਼ਹਿਰ ਦੀਆਂ ਕਈ ਅਹਿਮ ਸ਼ਖ਼ਸੀਅਤਾਂ ਅਤੇ ਵੈਸਟ ਕੋਸਟ ਕਿੰਗਜ਼ ਫ਼ੀਲਡ ਹਾਕੀ ਸੁਸਾਇਟੀ ਦੇ ਮੈਂਬਰ ਮੌਜੂਦ ਸਨ।
ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਬੀਸੀ ਵ੍ਹਾਈਟ ਅਤੇ ਵੈਸਟ ਕੋਸਟ ਕਲੱਬ ਦੀਆਂ ਟੀਮਾਂ ਲੜਕੀਆਂ ਦੇ ਫਾਈਨਲ ਮੁਕਾਬਲੇ ਵਿਚ ਪੁੱਜੀਆਂ। ਫਾਈਨਲ ਦਾ ਇਹ ਬਹੁਤ ਹੀ ਦਿਲਚਸਪ ਰਿਹਾ ਅਤੇ ਇਸ ਵਿਚ ਬੀਸੀ ਵ੍ਹਾਈਟ ਦੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਕੈਨੇਡਾ ਕੱਪ ਨੂੰ ਚੁੰਮਿਆਂ। ਲੜਕਿਆਂ ਦੇ ਫਾਈਨਲ ਮੁਕਾਬਲੇ ਵਿਚ ਯੂਬਾ ਸਿਟੀ ਬ੍ਰਦਰਜ਼ (ਅਮਰੀਕਾ) ਅਤੇ ਵੈਸਟ ਕੋਸਟ ਕਿੰਗਜ਼ ਕਲੱਬ ਕੈਨੇਡਾ ਦੀਆਂ ਟੀਮਾਂ ਦਾਖ਼ਲ ਹੋਈਆਂ। ਇਸ ਬਹੁਤ ਹੀ ਫਸਵੇਂ ਅਤੇ ਬੇਹੱਦ ਰੌਚਕ ਮੁਕਾਬਲੇ ਵਿਚ ਦੋਹਾਂ ਟੀਮਾਂ ਦੇ ਖਿਡਾਰੀਆਂ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਅੰਤ ਯੂਬਾ ਸਿਟੀ ਬ੍ਰਦਰਜ਼ ਦੀ ਟੀਮ ਨੇ 4-2 ਨਾਲ ਵੈਸਟ ਕੋਸਟ ਕਿੰਗਜ਼ ਕਲੱਬ ਦੀ ਟੀਮ ਨੂੰ ਮਾਤ ਦੇ ਕੇ ਕੈਨੇਡਾ ਕੱਪ ਆਪਣੇ ਨਾਂ ਕਰ ਲਿਆ।

ਲੜਕੀਆਂ ਦੀ ਜੇਤੂ ਟੀਮ ਨੂੰ ਕੈਨੇਡਾ ਕੱਪ ਅਤੇ 2,000 ਡਾਲਰ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਅਤੇ ਲੜਕਿਆਂ ਦੀ ਜੇਤੂ ਟੀਮ ਨੂੰ ਕੈਨੇਡਾ ਕੱਪ ਅਤੇ 10,000 ਡਾਲਰ ਪ੍ਰਦਾਨ ਕੀਤੇ ਗਏ। ਬਾਕੀ ਮੁਕਾਬਲਿਆਂ ਵਿਚ ਜੇਤੂ ਅਤੇ ਉਪ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਇਨਾਮ ਅਤੇ ਮੈਡਲ ਪ੍ਰਦਾਨ ਕੀਤੇ ਗਏ।
ਹਾਕੀ ਮੈਚਾਂ ਦੀ ਕੁਮੈਂਟਰੀ ਡੈਲਾਸ ਤੋਂ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਅਮਰਜੀਤ ਢਿੱਲੋਂ ਅਤੇ ਡਾ. ਸੁੱਖ ਕਾਹਲੋਂ ਨੇ ਕੀਤੀ। ਫਾਈਨਲ ਮੈਚ ਦੀਆਂ ਟੀਮਾਂ ਨਾਲ ਜਾਣ ਪਛਾਣ ਕਰ ਸਮੇਂ ਬੀਸੀ ਲਿਬਰਲ ਯੂਨਾਈਟਿਡ ਦੇ ਪ੍ਰਧਾਨ ਕੈਵਿਨ ਫਾਲਕਨ ਵਿਸ਼ੇਸ਼ ਤੌਰ ‘ਤੇ ਪੁੱਜੇ। ਉਨ੍ਹਾਂ ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਕਲੱਬ ਦੇ ਪ੍ਰਬੰਧਕਾਂ ਨੂੰ ਇਸ ਸ਼ਾਨਦਾਰ ਟੂਰਨਾਮੈਂਟ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਸਾਰੀਆਂ ਟੀਮਾਂ ਨੇ ਸਖ਼ਤ ਮਿਹਨਤ, ਸਮਰਪਣ ਅਤੇ ਵਚਨਬੱਧਤਾ ਨਾਲ ਟੂਰਨਾਮੈਂਟ ਵਿਚ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਸਾਨੂੰ ਇਹਨਾਂ ਸਾਰੇ ਨੌਜਵਾਨ ਖਿਡਾਰੀਆਂ ‘ਤੇ ਬਹੁਤ ਮਾਣ ਹੈ। ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੋਸਾਇਟੀ ਦੇ ਆਗੂ ਊਧਮ ਸਿੰਘ ਹੁੰਦਲ ਨੇ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਾਰੇ ਖਿਡਾਰੀਆਂ, ਟੀਮਾਂ, ਸਪਾਸਰਾਂ, ਸਹਿਯੋਗੀਆਂ ਅਤੇ ਸੋਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ।
ਤਿੰਨੇ ਦਿਨ ਹਾਕੀ ਦੇ ਸ਼ੌਕੀਨ ਸੈਂਕੜੇ ਦਰਸ਼ਕਾਂ ਨੇ ਬਿਹਤਰ ਫ਼ੀਲਡ ਹਾਕੀ ਦਾ ਆਨੰਦ ਮਾਣਿਆਂ। ਪ੍ਰਬੰਧਕਾਂ ਵੱਲੋਂ ਦਰਸ਼ਕਾਂ ਦੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵੱਲੋਂ ਤਿੰਨੇ ਦਿਨ ਅਤੁੱਟ ਲੰਗਰ ਵਰਤਾਇਆ ਗਿਆ।