ਯੋਗੀ ਆਦਿੱਤਿਆਨਾਥ ਨੇ ਦੂਜੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਲਖਨਊ, 28 ਮਾਰਚ – ਇੱਥੇ 25 ਮਾਰਚ ਨੂੰ ਯੋਗੀ ਆਦਿੱਤਿਆਨਾਥ ਨੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲਗਾਤਾਰ ਦੂਜੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਸੀਨੀਅਰ ਭਾਜਪਾ ਆਗੂ ਵੀ ਪਹੁੰਚੇ ਹੋਏ ਸਨ। ਇਸ ਦੌਰਾਨ ਕੇਸ਼ਵ ਪ੍ਰਸਾਦ ਮੌਰਿਆ ਤੇ ਬ੍ਰਿਜੇਸ਼ ਪਾਠਕ ਨੂੰ ਉੱਪ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ 52 ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਯੋਗੀ ਆਦਿੱਤਿਆਨਾਥ ਨੂੰ ਅਹੁਦੇ ਦੀ ਸਹੁੰ ਚੁਕਵਾਈ। ਇਸ ਸਹੁੰ ਚੁੱਕ ਸਮਾਗਮ ਵਿੱਚ 50 ਹਜ਼ਾਰ ਦੇ ਕਰੀਬ ਲੋਕ ਮੌਜੂਦ ਸਨ। ਸਮਾਗਮ ਦੌਰਾਨ ਸੁਰੇਸ਼ ਖੰਨਾ, ਸੂਰਿਆ ਪ੍ਰਤਾਪ ਸਾਹੀ, ਸਵਤੰਤਰ ਦੇਵ ਸਿੰਘ, ਬੇਬੀ ਰਾਣੀ ਮੌਰਿਆ ਤੇ ਆਈਏਐੱਸ ਤੋਂ ਸਿਆਸਤਦਾਨ ਬਣੇ ਏ.ਕੇ. ਸ਼ਰਮਾ ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ। ਭਾਜਪਾ ਦੀਆਂ ਭਾਈਵਾਲ ਪਾਰਟੀਆਂ ‘ਚੋਂ ਅਪਨਾ ਦਲ ਦੇ ਆਸ਼ੀਸ਼ ਪਟੇਲ ਅਤੇ ਨਿਸ਼ਾਦ ਪਾਰਟੀ ਦੇ ਮੁਖੀ ਸੰਜੈ ਨਿਸ਼ਾਦ ਨੇ ਵੀ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ। ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਜਿਤਿਨ ਪ੍ਰਸਾਦ ਵੀ ਕੈਬਨਿਟ ‘ਚ ਸ਼ਾਮਲ ਹੋਣ ‘ਚ ਕਾਮਯਾਬ ਰਹੇ। ਯੂਪੀ ਸਰਕਾਰ ਦੀ ਕੈਬਨਿਟ ‘ਚ ਥਾਂ ਹਾਸਲ ਕਰਨ ਵਾਲੇ ਇੱਕੋ-ਇੱਕ ਮੁਸਲਿਮ ਆਗੂ ਦਾਨਿਸ਼ ਆਜ਼ਾਦ ਅਨਸਾਰੀ ਹਨ। ਆਈਪੀਐੱਸ ਤੋਂ ਸਿਆਸਤਦਾਨ ਬਣੇ ਅਸੀਮ ਅਰੁਣ, ਦਯਾ ਸ਼ੰਕਰ ਸਿੰਘ, ਨਿਤਿਨ ਅਗਰਵਾਲ ਤੇ ਕਲਿਆਣ ਸਿੰਘ ਦੇ ਪੜਪੋਤੇ ਸੰਦੀਪ ਸਿੰਘ ਨੂੰ ਵੀ ਮੰਤਰੀ (ਆਜ਼ਾਦਾਨਾ ਚਾਰਜ) ਬਣਾਇਆ ਗਿਆ ਹੈ।