ਅਦਾਕਾਰ ਗੁਰਨਾਮ ਭੁੱਲਰ ਦੀ ਪਿਆਰ ਮੁਹੱਬਤਾਂ ਦੀ ਅਨੋਖੀ ਦਾਸਤਾਨ ਫਿਲਮ ‘ਲੇਖ’

ਗਾਇਕੀ ਤੋਂ ਬਾਅਦ ਫ਼ਿਲਮੀ ਖੇਤਰ ਵਿੱਚ ਗੂੜ੍ਹੀਆਂ ਪੈੜਾਂ ਪਾਉਣ ਵਾਲੇ ਅਦਾਕਾਰ ਗੁਰਨਾਮ ਭੁੱਲਰ ਦੀ ਆ ਰਹੀ ਨਵੀਂ ਪੰਜਾਬੀ ਫਿਲਮ ‘ਲੇਖ’ ਸੱਚਮੁੱਚ ਹੀ ਪੰਜਾਬੀ ਸਿਨਮੇ ਦੇ ਲੇਖ ਸੰਵਾਰਣ ਦਾ ਕੰਮ ਕਰੇਗੀ। ਕਿਉਂਕਿ ਦਰਸ਼ਕਾਂ ਨੂੰ ਲੰਮੇ ਸਮੇਂ ਬਾਅਦ ਆਮ ਵਿਸ਼ਿਆਂ ਤੋਂ ਹਟਕੇ ਇੱਕ ਵੱਖਰੇ ਵਿਸ਼ੇ ਦੀ ਫਿਲਮ ਵੇਖਣ ਨੂੰ ਮਿਲੇਗੀ।
ਵਾਇਟਹਿੱਲ ਸਟੂਡੀਓ ਦੇ ਬੈਨਰ ਹੇਠ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋਰੜ ਸਿੰਘ ਸਿੱਧੂ ਦੀ ਇਹ ਫਿਲਮ ਬਚਪਨ ਦੀ ਅਨਭੋਲ ਉਮਰ ਦੇ ਪਿਆਰ ਭਰੇ ਅਹਿਸਾਸਾਂ ਅਤੇ ਮੱਥੇ ‘ਤੇ ਲਿਖੇ ਲੇਖਾਂ ਦੀ ਕਹਾਣੀ ਬਿਆਨ ਦੀ ਇੱਕ ਦਿਲਚਸਪ ਕਹਾਣੀ ਹੈ। ਜਿਸ ਨੂੰ ਪੰਜਾਬੀ ਸਿਨਮੇ ਦੇ ਨਾਮਵਰ ਲੇਖਕ ਜਗਦੀਪ ਸਿੱਧੂ ਨੇ ਲਿਖਿਆ ਹੈ। ਡਾਇਰੈਕਟਰ ਮਨਵੀਰ ਬਰਾੜ ਦੀ ਡਾਇਰੈਕਟ ਕੀਤੀ ਇਸ ਫਿਲਮ ਦਾ ਟ੍ਰੇਲਰ ਅਤੇ ਸੰਗੀਤ ਦਰਸ਼ਕਾਂ ਦੀ ਪਸੰਦ ਬਣ ਚੁੱਕਾ ਹੈ। ਸੋਸ਼ਲ ਮੀਡੀਆ ‘ਤੇ ਛਾਏ ਫਿਲਮ ਦੇ ਟ੍ਰੇਲਰ ਤੋਂ ਜਾਪਦਾ ਹੈ ਕਿ ਇਹ ਫਿਲਮ ਪੰਜਾਬੀ ਸਿਨਮੇ ਵਿੱਚ ਇੱਕ ਮੀਲ ਪੱਥਰ ਸਾਬਤ ਹੋ ਸਕਦੀ ਹੈ।
ਫਿਲਮ ਦੀ ਕਹਾਣੀ ਦੀ ਮੰਗ ਮੁਤਾਬਿਕ ਫਿਲਮ ਦੇ ਨਾਇਕ ਗੁਰਨਾਮ ਭੁੱਲਰ ਨੇ ਆਪਣਾ 18-20 ਕਿੱਲੋ ਭਾਰ ਘਟਾ ਕੇ 16-17 ਸਾਲ ਦੇ ਸਕੂਲ ਪੜ੍ਹਦੇ ਨਵੀਂ ਉਮਰ ਦੇ ਮੁੰਡੇ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦੀ ਨਾਇਕਾ ਅਦਾਕਾਰਾ ਤਾਨੀਆ ਹੈ ਜੋ ਇਸ ਤੋਂ ਪਹਿਲਾਂ ਫਿਲਮ ‘ਗੁੱਡੀਆਂ ਪਟੋਲੇ’ ਵਿੱਚ ਗੁਰਨਾਮ ਭੁੱਲਰ ਨਾਲ ਕੰਮ ਕਰ ਚੁੱਕੀ ਹੈ। ਦੋਵਾਂ ਦੇ ਇਸ ਫਿਲਮ ਲਈ ਬੇਹੱਦ ਮਿਹਨਤ ਕੀਤੀ ਹੈ। ਫਿਲਮ ਦੇ ਟੇਲਰ ਮੁਤਾਬਿਕ ਇਹ ਫਿਲਮ ਬਚਪਨ ਅਤੇ ਜਵਾਨੀ ਦੀ ਕਹਾਣੀ ਹੈ ਜਿਸ ਲਈ ਇਸ ਨੂੰ ਦੋ ਵੱਖ ਵੱਖ ਪੜਾਵਾਂ ਵਿੱਚ ਫ਼ਿਲਮਾਇਆ ਗਿਆ ਹੈ। ਫਿਲਮ ਦੀ ਕਹਾਣੀ ਬਚਪਨ ਦੇ ਪਿਆਰ ਤੋਂ ਸ਼ੁਰੂ ਹੋ ਕੇ ਜ਼ਿੰਦਗੀ ਦੇ ਵੱਖ ਵੱਖ ਪੜ੍ਹਾਵਾਂ ਨਾਲ ਜੁੜੀ ਰੁਮਾਂਟਿਕ ਤੇ ਭਾਵਨਾਤਮਿਕ ਪਲਾਂ ਦੀ ਤਰਜਮਾਨੀ ਕਰਦੀ ਹੈ। ਗੁਰਨਾਮ ਭੁੱਲਰ ਨੇ ਆਪਣੇ ਕਿਰਦਾਰ ਵਿੱਚ ਫਿੱਟ ਹੋਣ ਲਈ ਬਹੁਤ ਮਿਹਨਤ ਕੀਤੀ ਹੈ। ਫਿਲਮ ਦੀ ਸ਼ੂਟਿੰਗ ਦੋ ਪੜਾਵਾਂ ਵਿੱਚ ਕੀਤੀ ਗਈ ਹੈ।
ਗੁਰਨਾਮ ਭੁੱਲਰ ਨੇ ‘ਰਾਜਵੀਰ’ ਦਾ ਕਿਰਦਾਰ ਨਿਭਾਇਆ ਹੈ ਤੇ ਤਾਨੀਆ ਨੇ ‘ਰੌਣਕ’ ਦਾ। ਸਕੂਲ ਪੜ੍ਹਦੇ ਸਮੇਂ ਦੋਵਾਂ ਦੇ ਦਿਲਾਂ ਵਿੱਚ ਇੱਕ ਦੂਜੇ ਪ੍ਰਤੀ ਮੋਹ ਖਿੱਚ ਹੁੰਦੀ ਹੈ, ਹੁਸੀਨ ਸੁਪਨਿਆਂ ਦਾ ਸੰਸਾਰ ਹੁੰਦਾ ਹੈ ਪਰ ਕੀ ਇਨ੍ਹਾਂ ਸੁਪਨਿਆਂ ਦਾ ਸ਼ਹਿਜ਼ਾਦਾ ਆਪਣੀ ਮੰਜ਼ਲ ਤੇ ਪਹੁੰਚਦਾ ਹੈ ? ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਜਗਦੀਪ ਸਿੱਧੂ ਨੇ ਲਿਖੇ ਹਨ। ਫਿਲਮ ਨੂੰ ਮਨਵੀਰ ਬਰਾੜ ਨੇ ਡਾਇਰੈਕਟ ਕੀਤਾ ਹੈ। ਫਿਲਮ ਦੇ ਗੀਤ ਜਾਨੀ ਨੇ ਲਿਖੇ ਹਨ ਤੇ ਸੰਗੀਤ ਬੀ ਪਰਾਕ ਨੇ ਦਿੱਤਾ ਹੈ। ਗੁਰਨਾਮ ਭੁੱਲਰ, ਤਾਨੀਆ, ਕਾਕਾ ਕੌਤਕੀ, ਨਿਰਮਲ ਰਿਸ਼ੀ, ਹਰਮਨ ਧਾਲੀਵਾਲ ਤੇ ਹਰਮਨ ਬਰਾੜ ਨੇ ਫਿਲਮ ਚ ਅਹਿਮ ਕਿਰਦਾਰ ਨਿਭਾਏ ਹਨ।
ਪੰਜਾਬ ਅਤੇ ਰਾਜਸਥਾਨ ਦੀਆਂ ਵੱਖ ਵੱਖ ਖ਼ੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਈ ਗਈ ਇਹ ਫਿਲਮ ਦਰਸ਼ਕਾਂ ਨੂੰ ਪਰਦੇ ‘ਤੇ ਇਕ ਖ਼ੂਬਸੂਰਤ ਜ਼ਿੰਦਗੀ ਦਾ ਅਹਿਸਾਸ ਕਰਵਾਏਗੀ। ਇਸ ਫਿਲਮ ਵਿੱਚ ਪੰਜਾਬੀ ਸਿਨਮੇ ਦਾ ਇਕ ਨਾਮੀ ਸਟਾਰ ਵੀ ਮਹਿਮਾਨ ਭੂਮਿਕਾ ਵਿੱਚ ਨਜ਼ਰ ਆਵੇਗਾ। ਆਸ ਹੈ ਕਿ ਪਹਿਲੀ ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਹ ਫਿਲਮ ‘ਲੇਖ’ ਪੰਜਾਬੀ ਸਿਨਮੇ ਦੇ ਨਵੇਂ ਲੇਖ ਲਿਖਣ ਵਿੱਚ ਸਫਲ ਹੋਵੇਗੀ।
ਹਰਜਿੰਦਰ ਸਿੰਘ ਜਵੰਦਾ
ਮੋਬਾਈਲ: +91 9463828000