‘ਰਾਇਲ ਨਿਊਜ਼ੀਲੈਂਡ ਏਅਰ ਫੋਰਸ’ ਨੇ ਸਿੱਖ ਨੌਜਵਾਨ ਬੈਂਸ ਦੀ ਦਾੜ੍ਹੀ ਅਤੇ ਪੱਗ ਸਬੰਧੀ ਚਿੱਠੀ ਦਾ ਜਵਾਬ ਦਿੱਤਾ

ਆਕਲੈਂਡ 22 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਜਿਹੜਾ ਕਿ ਬਹੁ ਕੌਮੀ ਲੋਕਾਂ ਦਾ ਇਕ ਬਿਹਤਰੀਨ ਦੇਸ਼ ਹੈ ਪਰ ਇਥੇ ਵੀ ਕਈ ਲੋਕਾਂ ਨੂੰ ਦੂਜੀਆਂ ਕੌਮਾਂ ਦੇ ਪੜ੍ਹੇ-ਲਿਖੇ ਅਤੇ ਯੋਗ ਲੋਕਾਂ ਨੂੰ ਉਚ ਅਹੁਦਿਆਂ ਤੱਕ ਪਹੁੰਚਦੇ ਵੇਖਣਾ ਅੱਖਾਂ ਵਿੱਚ ਰੜਕ ਪੈਣ ਦੇ ਬਰਾਬਰ ਹੋ ਰਿਹਾ ਹੈ, ਪਰ ਸਰਕਾਰ ਅਤੇ ਸਬੰਧਿਤ ਅਦਾਰੇ ਅਜਿਹੇ ਮਾਹਿਰ ਵਿਅਕਤੀਆਂ ਨੂੰ ਆਪਣੀ ਟੀਮ ਦੇ ਵਿੱਚ ਸ਼ਾਮਿਲ ਕਰਕੇ ਖੁਸ਼ੀ ਪ੍ਰਾਪਤ ਕਰ ਰਹੇ ਹਨ। ਪਿਛਲੇ ਮਹੀਨੇ ਸਿੱਖ ਨੌਜਵਾਨ ਸ. ਬੀਰ ਬੇਅੰਤ ਸਿੰਘ ਬੈਂਸ ਨੇ ‘ਰਾਇਲ ਨਿਊਜ਼ੀਲੈਂਡ ਏਅਰ ਫੋਰਸ’ ਦੇ ਵਿੱਚ ਭਰਤੀ ਹੋ ਕੇ ਫਲਾਇੰਗ ਆਫੀਸਰ ਵੱਜੋਂ ਗ੍ਰੈਜੂਏਸ਼ਨ ਪਰੇਡ ਵਿੱਚ ਭਾਗ ਲਿਆ। ਉਸ ਦੀ ਸਾਬਤ ਸੂਰਤ ਸਰੂਪ ਵਾਲੀ ਤਸਵੀਰ ਇਕ ਅੰਗਰੇਜ਼ੀ ਅਖ਼ਬਾਰ ‘ਮਾਰਲਬੋਰੋ ਐਕਸਪ੍ਰੈਸ’ ਵਿੱਚ ਛਪੀ ਵੇਖ ਕੇ ਅਖ਼ਬਾਰ ਦੀ ਕਿਸੀ ਪਾਠਕ ਨੇ ‘ਸੰਪਾਦਕ ਦੇ ਨਾਂਅ’ ਚਿੱਠੀ ਲਿਖੀ ਕਿ ‘ਫਲਾਇੰਗ ਅਫ਼ਸਰ’ ਬੀਰ ਬੈਂਸ ਪੂਰੀ ਦਾੜ੍ਹੀ ਰੱਖਣ ਅਤੇ ਪੱਗ ਬੰਨ੍ਹਣ ਦੇ ਯੋਗ ਕਿਉਂ ਹੈ? ਇਸ ਪਾਠਕ ਨੇ ਕਿਹਾ ਹੈ ਕਿ ਉਹ ਸਮਝਦੀ ਹੈ ਕਿ ਮਰਦ ਹਮੇਸ਼ਾਂ ਪੂਰੀ ਤਰ੍ਹਾਂ ‘ਕਲੀਨ ਸ਼ੇਵ’, ਚੰਗੀ ਤਰ੍ਹਾਂ ਕੱਟੇ ਵਾਲ ਅਤੇ ਆਪਣੀ ਪੂਰੀ ਵਰਦੀ ਵਿੱਚ ਹੋਣਾ ਚਾਹੀਦਾ ਹੈ, ਇਸ ਪ੍ਰਤੀ ਕੋਈ ਛੋਟ ਨਹੀਂ ਹੋਣੀ ਚਾਹੀਦੀ। ਇਸ ਪਾਠਕ ਨੇ ਇਹ ਵੀ ਕਿਹਾ ਕਿ ਇਸ ਦਾ ਮਤਲਬ ਇਹ ਹੋਇਆ ਕਿ ਸਾਰੇ ਮਰਦ ਲੰਬੇ ਵਾਲ ਅਤੇ ਦਾੜ੍ਹੀ ਰੱਖ ਸਕਦੇ ਹਨ ਅਤੇ ਗ੍ਰੇਜੂਏਸ਼ਨ ਦੌਰਾਨ ਮਰਜ਼ੀ ਦੀ ਟੋਪੀ ਪਹਿਨਣ ਦੀ ਚੋਣ ਵੀ ਕਰ ਸਕਦੇ ਹਨ।
ਇਸ ਚਿੱਠੀ ਦੇ ਉਤਰ ਵਿੱਚ ਰਾਇਲ ਨਿਊਜ਼ੀਲੈਂਡ ਏਅਰ ਫੋਰਸ ਦੇ ਬੁਲਾਰੇ ਸ੍ਰੀ ਸਕਾਡਰਨ ਲੀਡਰ ਟਾਵ੍ਹੀਆਉ ਕੋਰੋਮੈਂਡਲ ਨੇ ਜਵਾਬ ਦਿੱਤਾ ਹੈ। ਬੁਲਾਰੇ ਦਾ ਕਹਿਣਾ ਹੈ ਕਿ ‘ਸਾਡਾ ਵਰਦੀ ਜ਼ਾਬਤਾ ਮਨੁੱਖੀ ਹੱਕਾਂ ਦੇ ਕਾਨੂੰਨ ਅਤੇ ਸਾਡੀ ਫਿਲਾਸਫ਼ੀ ਦੇ ਅਨੁਕੂਲ ਹੋਣ ਦੀ ਵਿਵਸਥਾ ਰੱਖਦਾ ਹੈ ਅਤੇ ਇਸ ਨੂੰ ਸਾਡੇ ਮੈਂਬਰਾਂ ਅਤੇ ਲੋਕਾਂ ਵਲੋਂ ਵੱਡੇ ਪੱਧਰ ‘ਤੇ ਸਲਾਹਿਆ ਗਿਆ ਹੈ। ਸਿੱਖ ਧਰਮ ਦੇ ਵਿਸ਼ਵਾਸ ਰੱਖਣ ਵਾਲੇ ਬੀਰ ਬੈਂਸ ਨੇ ਗ੍ਰੇਜੂਏਸ਼ਨ ਪਰੇਡ ਦੌਰਾਨ ਪੂਰੇ ਚੱਜ-ਅਚਾਰ ਨਾਲ ਸ਼ਿੰਗਾਰੀ ਪੁਸ਼ਾਕ ਪਹਿਨੀ ਸੀ ਜੋ ਕਿ ਵਰਦੀ ਜ਼ਾਬਤਾ ਪੂਰਾ ਕਰਦੀ ਹੈ। ਉਸ ਨੇ ਜੋ ਪੱਗ ਬੰਨ੍ਹੀ ਸੀ ਉਹ ਏਅਰ ਫੋਰਸ ਨੇ ਉਸ ਨੂੰ ਇਸ ਵਿਸ਼ੇਸ਼ ਸਮਾਗਮ ਦੀ ਕਾਰਵਾਈ ਵਾਸਤੇ ਖੁਦ ਦਿੱਤੀ ਸੀ। ਸਿੱਖ ਧਰਮ ਦੇ ਪੈਰੋਕਾਰ ਰਾਜ ਸ਼ਾਸਨ ਅਤੇ ਰਾਸ਼ਟਰ ਮੰਡਲ ਨਾਲ ਗਹਿਰੇ ਸਬੰਧ ਰੱਖਦੇ ਹਨ ਜੋ ਬ੍ਰਿਟਿਸ਼ ਅਤੇ ਕੀਵੀ ਫੌਜੀ ਟੁਕੜੀਆਂ ਦੇ ਨਾਲ ਕਈ ਲੜਾਈਆਂ ਦੇ ਵਿੱਚ ਲੜੇ ਹਨ ਅਤੇ ਸ਼ਹੀਦ ਹੋਏ ਹਨ। ਰਾਇਲ ਨਿਊਜ਼ੀਲੈਂਡ ਏਅਰ ਫੋਰਸ ਇਕੱਲੀ ਨਹੀਂ ਹੈ ਜੋ ਕਿ ਸਿੱਖਾਂ ਦੀ ਪੱਗ ਅਤੇ ਦਾਤੜੀ ਰੱਖੇ ਸਰੂਪ ਦਾ ਦੇਸ਼ ਦੀ ਸੇਵਾ ਵਿੱਚ ਸਵਾਗਤ ਕਰਦੀ ਹੈ ਜਦੋਂ ਕਿ ਉਹ ਆਪਣੇ ਧਰਮ ਦੇ ਵਿੱਚ ਸੱਚੇ ਬਣੇ ਰਹਿਣ। ਵਿਸ਼ਵ ਪੱਧਰ ‘ਤੇ ਸਾਡੇ ਸਹਿਯੋਗੀ ਮੁਲਕ ਅਤੇ ਦੋਸਤ ਅਜਿਹਾ ਪਹਿਲਾਂ ਤੋਂ ਕਰਦੇ ਰਹੇ ਹਨ। ਨਿਊਜ਼ੀਲੈਂਡ ਦੇ ਵਿੱਚ ਪਹਿਲਾਂ ਵੀ ਸਿੱਖ ਪੁਲਿਸ ਵਿੱਚ ਭਰਤੀ ਹਨ, ਬ੍ਰਿਟਿਸ਼ ਆਰਮੀ, ਕੈਨੇਡੀਅਨ ਫੋਰਸ ਅਤੇ ਅਮਰੀਕਾ ਦੀ ਫੌਜ ਵਿੱਚ ਵੀ ਸੇਵਾ ਨਿਭਾਅ ਰਹੇ ਹਨ। ਅਸੀਂ ਇਸ ਗੱਲ ‘ਤੇ ਬਹੁਤ ਖੁਸ਼ ਹਾਂ ਕਿ ਬੀਰ ਬੈਂਸ ਨੇ ਏਅਰ ਫੋਰਸ ਦੇ ਵਿੱਚ ਅਫ਼ਸਰ ਬਣ ਕੇ ਨਿਊਜ਼ੀਲੈਂਡ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਹੈ।’