‘ਰਾਜਪਥ’ ਦਾ ਨਾਮ ਬਦਲ ਕੇ ਹੁਣ ‘ਕਰਤੱਵਯ ਪਥ’ ਰੱਖਿਆ ਗਿਆ

ਨਵੀਂ ਦਿੱਲੀ, 7 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਸਤੰਬਰ ਦਿਨ ਵੀਰਵਾਰ ਨੂੰ ‘ਕਰਤੱਵਯ ਪਥ’ ਦਾ ਉਦਘਾਟਨ ਕਰਨਗੇ। ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਦੇ ਇਸ ਟੁਕੜੇ ਨੂੰ ਪਹਿਲਾਂ ਰਾਜਪਥ (ਦਿ ਕਿੰਗਜ਼ਵੇ) ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਸ੍ਰੀ ਮੋਦੀ ਭਲਕੇ ਇੰਡੀਆ ਗੇਟ ਵਿਖੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਦੀ ਘੁੰਡ ਚੁਕਾਈ ਵੀ ਕਰਨਗੇ।
ਕਰਤਵਯ ਪਥ ਦੇ ਦੋਵੇਂ ਪਾਸੇ ਲਾਲ ਦਾਣੇਦਾਰ ਪੱਥਰ ਲਾਇਆ ਗਿਆ ਹੈ ਤੇ ਆਲੇ-ਦੁਆਲੇ ਹਰਿਆਲੀ ਦੇ ਨਾਲ ਦੋਵੇਂ ਪਾਸੇ ਨਹਿਰਾਂ, ਫੂਡ ਸਟਾਲ, ਸੁੱਖ ਸਹੂਲਤਾਂ ਨਾਲ ਲੈਸ ਬਲਾਕ ਤੇ ਵੈਂਡਿੰਗ ਕਿਓਸਕ ਹੋੋਣਗੇ। ਸਰਕਾਰ ਮੁਤਾਬਕ ਇਹ ਸੱਤਾ ਦੇ ਪ੍ਰਤੀਕ ਪੁਰਾਣੇ ਰਾਜਪਥ ਤੋਂ ਕਰਤਵਯ ਪਥ ਵੱਲ ਜਾਣ ਦਾ ਪ੍ਰਤੀਕ ਹੈ, ਜੋ ਲੋਕਾਂ ਦੀ ਮਾਲਕੀ ਅਤੇ ਸਸ਼ਕਤੀਕਰਨ ਦੀ ਮਿਸਾਲ ਹੈ। ‘ਕਰਤੱਵਯ ਪਥ’ ਨਾਂ ਰੱਖਣ ਪਿੱਛੇ ਇਨ੍ਹਾਂ ਦੋਵਾਂ ਕਾਰਕਾਂ ਨੂੰ ਵੇਖਿਆ ਜਾ ਰਿਹਾ ਹੈ। ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਦੇ ਇਸ ਟੁਕੜੇ ਦੀ ਮੋਦੀ ਸਰਕਾਰ ਦੇ ਉਤਸ਼ਾਹਪੂਰਨ ਸੈਂਟਰਲ ਵਿਸਟਾ ਪੁਨਰਵਿਕਾਸ ਪ੍ਰਾਜੈਕਟ ਤਹਿਤ ਕਾਇਆਕਲਪ ਕੀਤੀ ਗਈ ਹੈ। ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਕਰਤੱਵਯ ਪਥ ’ਤੇ ਪੰਜ ਵੈਂਡਿੰਗ ਜ਼ੋਨ ਸਥਾਪਤ ਕੀਤੇ ਹਨ, ਜਿਥੇ 40 ਵੈਂਡਰਾਂ ਨੂੰ ਦੁਕਾਨਾਂ ਲਾਉਣ ਦੀ ਖੁੱਲ੍ਹ ਹੋਵੇਗੀ। ਇਨ੍ਹਾਂ ਵਿਚੋਂ ਦੋ ਬਲਾਕ ਇੰਡੀਆ ਗੇਟ ਨੇੜੇ ਹਨ। ਹਰੇਕ ਬਲਾਕ ਵਿੱਚ 8 ਦੁਕਾਨਾਂ ਹੋਣਗੀਆਂ। ਕੇਂਦਰੀ ਮਕਾਨ ਊਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਪਥ ’ਤੇ ਚੋਰੀ ਅਤੇ ਨਵੀਂ ਸਥਾਪਿਤ ਸਹੂਲਤਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਵੱਡੀ ਗਿਣਤੀ ਪੁਲੀਸ ਤੇ ਸੁਰੱਖਿਆ ਅਮਲਾ ਤਾਇਨਾਤ ਰਹੇਗਾ। 80 ਦੇ ਕਰੀਬ ਸੁਰੱਖਿਆ ਕਰਮੀ ਇਸ ਪਥ ਦੀ ਨਿਗਰਾਨੀ ਰੱਖਣਗੇ। ਦੋਵਾਂ ਸਾਈਡਾਂ ’ਤੇ ਬਣੀਆਂ ਨਹਿਰਾਂ ਵਿੱਚ ਦੋ ਥਾਵਾਂ ’ਤੇ- ਇਕ ਕ੍ਰਿਸ਼ੀ ਭਵਨ ਤੇ ਦੂਜੀ ਵਾਣਿਜਯ ਭਵਨ ਨੇੜੇ ਕਿਸ਼ਤੀ ਚਾਲਣ ਦੀ ਸਹੂਲਤ ਮਿਲੇਗੀ।
ਐੱਨਡੀਐੱਮਸੀ ਵੱਲੋਂ ਨਾਮ ਤਬਦੀਲੀ ਦੀ ਤਜਵੀਜ਼ ਨੂੰ ਹਰੀ ਝੰਡੀ
ਨਵੀਂ ਦਿੱਲੀ – ਨਵੀਂ ਦਿੱਲੀ ਮਿਉਂਸਿਪਲ ਕੌਂਸਲ ਨੇ ਰਾਜਪਥ ਦਾ ਨਾਮ ਬਦਲ ਕੇ ‘ਕਰਤੱਵਯ ਪਥ’ ਰੱਖਣ ਦੀ ਤਜਵੀਜ਼ ਨੂੰ ਅੱਜ ਹਰੀ ਝੰਡੀ ਦੇ ਦਿੱਤੀ। ਲੋਕ ਸਭਾ ਮੈਂਬਰ ਮੀਨਾਕਸ਼ੀ ਲੇਖੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨਾਮ ਬਦਲੀ ਸਬੰਧੀ ਤਜਵੀਜ਼ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਲਿਆਂਦੀ ਗਈ ਸੀ।