ਸਾਬਕਾ ਰਗਬੀ ਇੰਟਰਨੈਸ਼ਨਲ ਖਿਡਾਰੀ ਅਤੇ ਕੰਮੈਂਟੇਟਰ ਵਿਲੀ ਲੋਸ’ਏ ਦਾ ਦਿਹਾਂਤ

ਆਕਲੈਂਡ, 8 ਸਤੰਬਰ – ਸਾਬਕਾ ਰਗਬੀ ਇੰਟਰਨੈਸ਼ਨਲ ਖਿਡਾਰੀ ਅਤੇ ਸਪੋਰਟਸ ਬ੍ਰੋਡਕਾਸਟਰ ਵਿਲੀ ਲੋਸ’ਏ ਦੀ 55 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ।
ਸਾਬਕਾ ਰਗਬੀ ਖਿਡਾਰੀ ਲੋਸ’ਏ ਦੀ ਦੱਖਣੀ ਅਫ਼ਰੀਕਾ ਦੇ ਕੇਪ ਟਾਊਨ ਸ਼ਹਿਰ ਵਿੱਚ ਮੌਤ ਹੋ ਗਈ, ਜਿੱਥੇ ਉਹ ‘ਰਗਬੀ ਵਰਲਡ ਕੱਪ ਸੈਵਨਜ਼ 2022 ਟੂਰਨਾਮੈਂਟ’ ਵਿੱਚ ਕਮੈਂਟਰੀ ਕਰਨ ਵਾਲਾ ਸੀ। ਉਹ ਨਿਊਜ਼ੀਲੈਂਡ ਅੰਡਰ -21 ਟੀਮ ਲਈ ਖੇਡਿਆ ਅਤੇ ਬਾਅਦ ਵਿੱਚ 1995 ਰਗਬੀ ਵਰਲਡ ਕੱਪ ਵਿੱਚ ਟੋਂਗਾ ਦੀ ਕਪਤਾਨੀ ਕੀਤੀ, ਤਿੰਨੋਂ ਪੂਲ ਗੇਮਾਂ ਖੇਡੀਆਂ। ਲੋਸ’ਏ ਨੇ 1988 ਵਿੱਚ ਨਿਊਜ਼ੀਲੈਂਡ ਕੋਲਟਸ ਲਈ ਵੀ ਤਿੰਨ ਮੈਚ ਖੇਡੇ ਸਨ। ਲੋਸ’ਏ ਆਕਲੈਂਡ, ਨੌਰਥ ਹਾਰਬਰ ਅਤੇ ਮਾਰਲਬਰੋ ਲਈ ਨੈਸ਼ਨਲ ਪ੍ਰੋਵਿੰਸ਼ੀਅਲ ਚੈਂਪੀਅਨਸ਼ਿਪ ਵਿੱਚ ਵੀ ਖੇਡਿਆ। ਲੋਸ’ਏ ਜਪਾਨ ਵਿੱਚ ਯਾਮਹਾ ਜੁਬੀਲੋ ਲਈ ਵੀ ਖੇਡਿਆ।
ਇੱਕ ਬਿਆਨ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਉਹ ‘ਇੱਕ ਮਾਣਮੱਤਾ ਵੈਸਟ ਆਕਲੈਂਡਰ’ ਸੀ।