ਰਾਸ਼ਟਰਪਤੀ ਟਰੰਪ ਵੱਲੋਂ ਵਾਸ਼ਿੰਗਟਨ ਫ਼ੌਜ ਹਵਾਲੇ , ਹੋਰ ਰਾਜਾਂ ‘ਚ ਵੀ ਫ਼ੌਜ ਭੇਜਣ ਦੀ ਚਿਤਾਵਨੀ

*ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਤੇ ਲੁੱਟਮਾਰ ਦਾ ਸਿਲਸਿਲਾ ਜਾਰੀ, ਹਜ਼ਾਰਾਂ ਗ੍ਰਿਫ਼ਤਾਰੀਆਂ
ਵਾਸ਼ਿੰਗਟਨ 2 ਜੂਨ (ਹੁਸਨ ਲੜੋਆ ਬੰਗਾ) –
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਹਿੰਸਾ, ਲੁੱਟਮਾਰ, ਅਗਜ਼ਨੀ ਤੇ ਗੁੰਡਾਗਰਦੀ ਉੱਪਰ ਕਾਬੂ ਪਾਉਣ ਲਈ ਵਾਸ਼ਿੰਗਟਨ ਵਿੱਚ ਫ਼ੌਜ ਦੇ ਹਜ਼ਾਰਾਂ ਜਵਾਨਾਂ ਨੂੰ ਭੇਜ ਰਹੇ ਹਨ ਤੇ ਜੇਕਰ ਬਾਕੀ ਰਾਜ ਪ੍ਰਦਰਸ਼ਨਕਾਰੀਆਂ ‘ਤੇ ਨਿਯੰਤਰਣ ਨਹੀਂ ਕਰ ਸਕਦੇ ਤਾਂ ਰਾਜਾਂ ਵਿੱਚ ਵੀ ਉਹ ਫ਼ੌਜ ਤਾਇਨਾਤ ਕਰ ਦੇਣਗੇ। ਰੋਜ਼ ਗਾਰਡਨ ਵਿਖੇ ਸੰਬੋਧਨ ਕਰਦਿਆਂ ਟਰੰਪ ਨੇ ਰਾਜਾਂ ਦੇ ਗਵਰਨਰਾਂ ਨੂੰ ਕਿਹਾ ਕਿ ਉਹ ਹਿੰਸਾ ਉੱਪਰ ਕਾਬੂ ਪਾਉਣ ਲਈ ਕੌਮੀ ਗਾਰਡਾਂ ਦੀ ਵਧ ਤੋਂ ਵਧ ਵਰਤੋਂ ਕਰਨ। ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਉਹ ਫ਼ੌਜ ਭੇਜ ਕੇ ਸਮੱਸਿਆ ਤੁਰੰਤ ਹੱਲ ਕਰ ਦੇਣਗੇ। ਰਾਸ਼ਟਰਪਤੀ ਨੇ ਕਿਹਾ ਕਿ ਇਹ ਸ਼ਾਂਤਮਈ ਪ੍ਰਦਰਸ਼ਨ ਨਹੀਂ ਹਨ ਬਲਕਿ ਇਹ ਘਰੇਲੂ ਆਤੰਕ ਹੈ।

ਰਾਤ ਭਰ ਝੜਪਾਂ –
ਪੁਲਿਸ ਹਿਰਾਸਤ ਵਿਚ ਜਾਰਜ ਫਲਾਇਡ ਨਾਮੀ ਕਾਲੇ ਵਿਅਕਤੀ ਦੀ ਹੋਈ ਮੌਤ ਤੋਂ ਬਾਅਦ ਅਮਰੀਕਾ ਦੇ ਕਈ ਸ਼ਹਿਰਾਂ ‘ਚ 7 ਵੇਂ ਦਿਨ ਵੀ ਹਿੰਸਕ ਪ੍ਰਦਰਸ਼ਨ ਜਾਰੀ ਰਹੇ। ਪ੍ਰਦਰਸ਼ਨਕਾਰੀਆਂ ਨੇ ਲੁੱਟਮਾਰ ਤੇ ਭੰਨਤੋੜ ਕੀਤੀ। ਮਿਨੀਏਪੋਲਿਸ ਤੇ ਹੋਰ ਅਮਰੀਕੀ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਰਾਤ ਭਰ ਝੜਪਾਂ ਹੋਈਆਂ। ਦੇਸ਼ ਭਰ ਵਿਚ 5000 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲਾਸ ਏਂਜਲਸ ਵਿੱਚ ਪ੍ਰਦਰਸ਼ਨਕਾਰੀ ਸੜਕਾਂ ਉੱਪਰ ਲੇਟ ਗਏ ਜਿਨ੍ਹਾਂ ਨੂੰ ਪੁਲਿਸ ਗ੍ਰਿਫ਼ਤਾਰ ਕਰਕੇ ਲੈ ਗਈ। ਵਾਸ਼ਿੰਗਟਨ, ਡੀ.ਸੀ ‘ਚ ਲੋਕਾਂ ਨੇ ਕਰਫ਼ਿਊ ਦੀ ਉਲੰਘਣਾ ਕਰਕੇ ਪ੍ਰਦਰਸ਼ਨ ਕੀਤਾ। ਵਾਈਟ ਹਾਊਸ ਦੇ ਬਿਲਕੁਲ ਨਾਲ ਲੱਗਦੇ ਇਕ ਪਾਰਕ ‘ਚ ਪ੍ਰਦਰਸ਼ਨਕਾਰੀਆਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਪੁਲਿਸ ਨੇ ਅੱਥਰੂ ਗੈੱਸ ਦੇ ਗੋਲੇ ਸੁੱਟੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ। ਨਿਊਯਾਰਕ ਵਿਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪਹਿਲੇ ਦਿਨ ਦੀ ਤੁਲਨਾ ਵਿੱਚ ਸ਼ਹਿਰ ‘ਚ ਦੁੱਗਣੇ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ ਪਰ ਪ੍ਰਦਰਸ਼ਨਕਾਰੀ ਬੇਖ਼ੌਫ਼ ਹਨ। ਅਧਿਕਾਰੀਆਂ ਨੇ ਵਾਰ ਵਾਰ ਸਪਸ਼ਟ ਕੀਤਾ ਹੈ ਕਿ ਜੋ ਵੀ ਕੋਈ ਬਿਨਾਂ ਕਾਰਨ ਘਰ ਤੋਂ ਬਾਹਰ ਨਿਕਲੇਗਾ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਉਸ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ ਪਰ ਲੋਕਾਂ ਉੱਪਰ ਇਸ ਚਿਤਾਵਨੀ ਦਾ ਕੋਈ ਅਸਰ ਨਹੀਂ ਹੋ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਉਹ ਜੇਲ੍ਹ ਜਾਣ ਲਈ ਤਿਆਰ ਹਨ, ਉਨ੍ਹਾਂ ਨੂੰ ਜਿੱਥੇ ਮਰਜ਼ੀ ਲੈ ਜਾਵੋ ਪਰ ਉਹ ਆਪਣੀਆਂ ਹੱਕੀ ਮੰਗਾਂ ਮੰਨੇ ਜਾਣ ਤੱਕ ਪ੍ਰਦਰਸ਼ਨ ਕਰਦੇ ਰਹਿਣਗੇ। ਡਾਊਨ ਟਾਊਨ ਮੈਨਹਟਨ ‘ਚ ਦੁਕਾਨਾਂ ਦੀ ਲੁੱਟਮਾਰ ਕੀਤੀ ਗਈ। ਲੁਟੇਰੇ ਦੁਕਾਨਾਂ ਤੇ ਸਟੋਰਾਂ ਦੇ ਸ਼ੀਸ਼ੇ ਤੋੜ ਕੇ ਅੰਦਰ ਜਾ ਵੜੇ ਤੇ ਉੱਥੋਂ ਸਮਾਨ ਲੁੱਟ ਕੇ ਲੈ ਗਏ। ਕਈ ਥਾਵਾਂ ‘ਤੇ ਦੁਕਾਨਾਂ ਦੇ ਮਾਲਕਾਂ ਨੇ ਆਪਣੀਆਂ ਦੁਕਾਨਾਂ ਲੁੱਟੇ ਜਾਣ ਤੋਂ ਬਚਾਉਣ ਦਾ ਯਤਨ ਵੀ ਕੀਤਾ ਪਰ ਉਹ ਨਾਕਾਮ ਰਹੇ। ਡਾਊਨ ਟਾਊਨ ਐਟਲਾਂਟਾ, ਜਾਰਜੀਆ ਵਿੱਚ ਪੁਲਿਸ ਨੇ ਸੈਂਕੜੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।
                                    ਦੂਸਰੇ ਪਾਸੇ ਵਾਸ਼ਿੰਗਟਨ , ਡੀ. ਸੀ ਦੇ ਮੇਅਰ ਮੋਰੀਲ ਬੋਅਸਰ ਨੇ ਵਾਈਟ ਹਾਊਸ ਦੇ ਬਾਹਰ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਨਿੰਦਾ ਕਰਦਿਆਂ ਇਸ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਉਨਾਂ ਕਿਹਾ ਹੈ ਕਿ ਸੰਘੀ ਪੁਲਿਸ ਨੇ ਬਿਨਾਂ ਕਿਸੇ ਭੜਕਾਹਟ ਦੇ ਤਾਕਤ ਦੀ ਵਰਤੋਂ ਕੀਤੀ।