ਆਕਲੈਂਡ ਵਿਖੇ ਅਮਰੀਕਾ ‘ਚ ਮਾਰੇ ਜੌਰਜ ਫਲਾਇਡ ਦੇ ਹੱਕ ਵਿੱਚ ਰੋਸ-ਮੁਜ਼ਾਹਰਾ

ਆਕਲੈਂਡ, 2 ਜੂਨ – 25 ਮਈ ਨੂੰ ਇਕ 46 ਸਾਲਾ ਸਿਆਹਫਾਮ ਜੌਰਜ ਫਲਾਇਡ ਨੂੰ ਮਾਈਨਾਪੋਲਿਸ ਦੀ ਪੁਲਿਸ ਨੇ ਇਸ ਕਰਕੇ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਨਕਲੀ 20 ਡਾਲਰ ਦੇ ਨਾਲ ਇੱਕ ਦੁਕਾਨ ਤੋਂ ਸਿਗਰਟ ਖ਼ਰੀਦ ਰਿਹਾ ਸੀ। ਪੁਲਿਸ ਨੇ ਭਾਵੇਂ ਉਸ ਨੂੰ ਕਾਬੂ ਕਰ ਲਿਆ ਸੀ ਪਰ ਇਸ ਵਾਸਤੇ ਬਹੁਤ ਜ਼ੋਰ ਅਜ਼ਮਾਈ ਕਰਨੀ ਪਈ ਅਤੇ ਇਕ ਪੁਲਿਸ ਅਫ਼ਸਰ ਨੇ ਉਸ ਦੀ ਧੌਣ ਨੂੰ ਗੋਡੇ ਥੱਲੇ ਓਨੀ ਦੇਰ ਤੱਕ ਕਾਬੂ ਰੱਖਿਆ ਜਦੋਂ ਤੱਕ ਐਂਬੂਲੈਂਸ ਨਹੀਂ ਆ ਗਈ। ਇਸ ਘਟਨਾ ਦੇ ਵਿੱਚ ਚਾਰ ਪੁਲਿਸ ਮੁਲਾਜ਼ਮ ਸ਼ਾਮਿਲ ਸਨ ਜਿਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ ਤੇ ਮਾਮਲਾ ਦਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਿਆਹਫਾਮ ਲੋਕਾਂ ਦਾ ਵਿਦਰੋਹ ਵਧਣ ਲੱਗਿਆ ਅਤੇ ਪੂਰੇ ਅਮਰੀਕਾ ਦੇ ਵਿੱਚ ਦੰਗੇ ਭੜਕ ਗਏ, ਸੈਂਕੜੇ ਦੁਕਾਨਾਂ ਲੁੱਟ ਲਈਆਂ ਗਈਆਂ, ਪੁਲਿਸ ਦੀਆਂ ਗੱਡੀਆਂ ਸਾੜ ਦਿੱਤੀਆਂ ਗਈਆਂ। ਸਿਆਹਫਾਮ ਲੋਕਾਂ ਨੇ ਇਸ ਇਸ ਸਾਰੇ ਘਟਨਾਕ੍ਰਮ ਦੇ ਰੋਸ ਨੂੰ ‘ਬਲੈਕ ਲਾਈਵਜ਼ ਮੈਟਰ’ ਦਾ ਨਾਂਅ ਦਿੱਤਾ ਹੈ ਅਤੇ ਪੂਰੇ ਵਿਸ਼ਵ ਵਿੱਚ ਏਕਤਾ ਵਿਖਾਈ ਜਾ ਰਹੀ ਹੈ। ਸਿਆਹਫਾਮ ਲੋਕ ਇਸ ਸਾਰੇ ਘਟਨਾ ਕ੍ਰਮ ਨੂੰ ਨਸਲਵਾਦੀ ਫ਼ਿਰਕਾਪ੍ਰਸਤੀ ਦੇ ਵਿਚੋਂ ਨਿਕਲਿਆ ਮੰਨਦੇ ਹਨ।
1 ਜੂਨ ਨੂੰ ਅਮਰੀਕਾ ਦਾ ਇਹ ਸੇਕ ਨਿਊਜ਼ੀਲੈਂਡ ਵੀ ਪਹੁੰਚਿਆ। ਆਕਲੈਂਡ ਵਿਖੇ ਇਕ ਰੋਸ ਮੁਜ਼ਾਹਰੇ ਦੇ ਵਿੱਚ ਬਹੁਤ ਸਾਰੇ ਲੋਕ ਇਕੱਤਰ ਹੋਏ ਇਕ ਵਿਅਕਤੀ ਨੇ ਪੁਲਿਸ ਉੱਤੇ ਹਮਲਾ ਕੀਤਾ। ਪੁਲਿਸ ਅਫ਼ਸਰ ਨੇ ਪੀਅਪਰ ਸਪਰੇਅ ਅਤੇ ਟੇਜ਼ਰ ਗੰਨ ਦੀ ਵਰਤੋਂ ਕੀਤੀ ਅਤੇ ਉਸ ਨੂੰ ਕਾਬੂ ਕੀਤਾ। ਇਸ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕਰਕੇ ਮੁਕੱਦਮਾ ਚਲਾਇਆ ਜਾਵੇਗਾ। ਅਮਰੀਕਾ ਦੂਤਾਵਾਸ ਤੱਕ ਇਹ ਰੋਸ ਮਾਰਚ ਕੀਤਾ ਗਿਆ। ਇਸੀ ਤਰ੍ਹਾਂ ਵੈਲਿੰਗਟਨ ਵਿਖੇ ਵੀ ਹਜ਼ਾਰਾਂ ਅਮਰੀਕੀ ਲੋਕ ਪਾਰਲੀਮੈਂਟ ਸਾਹਮਣੇ ਇਕੱਠੇ ਹੋਏ ਅਤੇ ਜੌਰਜ ਦੀ ਮੌਤ ਪ੍ਰਤੀ ਰੋਸ ਪ੍ਰਗਟ ਕੀਤਾ। ਕ੍ਰਾਈਸਟਚਰਚ ਵਿਖੇ ਵੀ ਅਜਿਹਾ ਰੋਸ ਮੁਜ਼ਾਹਰਾ ਕੀਤਾ ਗਿਆ।