ਰਾਹੁਲ ਗਾਂਧੀ ਵੱਲੋਂ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ‘ਭਾਰਤ ਜੋੜੋ’ ਯਾਤਰਾ ਦੀ ਸ਼ੁਰੂਆਤ ਕੀਤੀ

ਕੰਨਿਆਕੁਮਾਰੀ (ਤਾਮਿਲਨਾਡੂ), 8 ਸਤੰਬਰ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਈ ਸੀਨੀਅਰ ਨੇਤਾਵਾਂ ਨਾਲ ਅੱਜ ਸਵੇਰੇ ‘ਭਾਰਤ ਜੋੜੋ’ ਯਾਤਰਾ ਦੀ ਰਸਮੀ ਸ਼ੁਰੂਆਤ ਕੀਤੀ। ਪਾਰਟੀ ਇਸ ਯਾਤਰਾ ਨੂੰ ਵਿਸ਼ਾਲ ਜਨ ਸੰਪਰਕ ਮੁਹਿੰਮ ਦੱਸ ਰਹੀ ਹੈ ਅਤੇ ਸੰਗਠਨ ਵਿੱਚ ਜਾਨ ਪਾਉਣ ਦੀ ਉਮੀਦ ਕਰ ਰਹੀ ਹੈ। ਰਾਹੁਲ ਗਾਂਧੀ ਨੇ 118 ਹੋਰ ‘ਭਾਰਤ ਯਾਤਰੀਆਂ’ ਅਤੇ ਕਈ ਹੋਰ ਸੀਨੀਅਰ ਨੇਤਾਵਾਂ ਨਾਲ ਇਥੇ ‘ਵਿਵੇਕਾਨੰਦ ਪੌਲੀਟੈਕਨਿਕ’ ਤੋਂ ਪਦਯਾਤਰਾ ਦੀ ਸ਼ੁਰੂਆਤ ਕੀਤੀ। ਪਾਰਟੀ ਨੇ ਰਾਹੁਲ ਸਮੇਤ 119 ਨੇਤਾਵਾਂ ਨੂੰ ਭਾਰਤ ਯਾਤਰੀਆਂ ਦਾ ਨਾਮ ਦਿੱਤਾ ਹੈ, ਜੋ ਪਦਯਾਤਰਾ ‘ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਦੀ ਯਾਤਰਾ ਕਰਨਗੇ। ਇਹ ਕੁੱਲ 3570 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ।
ਭਾਰਤ ਜੋੜੋ ਯਾਤਰਾ ਵਿਚ ਹਿੱਸਾ ਲੈਣ ਵਾਲੇ ਲਗਪਗ 230 ਕਾਂਗਰਸੀ ਪਦਯਾਤਰੀ ਟਰੱਕਾਂ ‘ਤੇ ਸਥਿਤ 60 ਕੰਟੇਨਰਾਂ ਵਿਚ ਰਾਤਾਂ ਗੁਜ਼ਾਰਨਗੇ। ਇਹ ਕੰਟਰੇਨਰ ਰੋਜ਼ਾਨਾ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਏ ਜਾਣਗੇ। ਇਹ ਜਾਣਕਾਰੀ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਿੱਤੀ। ਪਦਯਾਤਰਾ ਦੀ ਸ਼ੁਰੂਆਤ ਕਰਨ ਤੋਂ ਬਾਅਦ ਰਮੇਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕੰਟੇਨਰ ਹਰ ਰਾਤ ਲਗਪਗ ਦੋ ਏਕੜ ਦੇ ਅਸਥਾਈ ਕੈਂਪਾਂ ਵਿੱਚ ਤਾਇਨਾਤ ਹੋਣਗੇ। ਇਥੇ ਭੋਜਨ ਜਾਂ ਮੀਟਿੰਗਾਂ ਕਰਨ ਦੀ ਕੋਈ ਸਹੂਲਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਟੇਨਰਾਂ ਅੰਦਰ ਕੋਈ ਟੀਵੀ ਨਹੀਂ ਹੈ, ਸਿਰਫ ਇੱਕ ਪੱਖਾ ਹੈ। ਖਾਣੇ ਦੀ ਵਿਵਸਥਾ ਕੈਂਪਿੰਗ ਵਾਲੀ ਥਾਂ ’ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸਮੇਤ 119 ਭਾਰਤੀ ਯਾਤਰੀ ਤੇ ਕੁਝ ਮਹਿਮਾਨ ਯਾਤਰੀ ਜੋ 3,570 ਕਿਲੋਮੀਟਰ ਦੀ ਯਾਤਰਾ ਪੂਰੀ ਕਰਨਗੇ, ਇਨ੍ਹਾਂ ਕੰਟੇਨਰਾਂ ਵਿੱਚ ਰਹਿਣਗੇ।