ਰਾਹੁਲ ਦੇ ਮੋਦੀ-ਅਡਾਨੀ ਦੇ ਸਬੰਧਾਂ ਬਾਰੇ ਦੋਸ਼ਾਂ ਨੂੰ ਰਿਕਾਰਡ ’ਚੋਂ ਹਟਾ ਦਿੱਤਾ

ਨਵੀਂ ਦਿੱਲੀ, 8 ਫਰਵਰੀ – ਲੋਕ ਸਭਾ ਸਪੀਕਰ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰੋਬਾਰੀ ਗੌਤਮ ਅਡਾਨੀ ਵਿਚਕਾਰ ਸਬੰਧਾਂ ਦੇ ਲਾਏ ਗਏ ਦੋਸ਼ਾਂ ਨੂੰ ਅੱਜ ਸਦਨ ਦੇ ਰਿਕਾਰਡ ’ਚੋਂ ਹਟਾ ਦਿੱਤਾ। ਰਾਹੁਲ ਨੇ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਉਪਰ ਹੋਈ ਚਰਚਾ ਦੌਰਾਨ ਦੋਸ਼ ਲਾਇਆ ਸੀ ਕਿ ਮੋਦੀ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਅਡਾਨੀ ਦੀ ਸੰਪਤੀ ਕਈ ਗੁਣਾ ਵਧ ਗਈ ਹੈ। ਅੱਜ ਸਵੇਰੇ ਸਾਢੇ 12 ਵਜੇ ਰਾਹੁਲ ਦੇ ਭਾਸ਼ਨ ਦੇ ਕੁਝ ਹਿੱਸਿਆਂ ਨੂੰ ਕਾਰਵਾਈ ’ਚੋਂ ਹਟਾਉਣ ਦਾ ਫ਼ੈਸਲਾ ਲਿਆ ਗਿਆ। ਸਪੀਕਰ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਬੂਤਾਂ ਤੋਂ ਬਿਨਾਂ ਸੰਸਦ ’ਚ ਦੋਸ਼ ਨਹੀਂ ਲਾਏ ਜਾਣੇ ਚਾਹੀਦੇ ਹਨ। ਲੋਕ ਸਭਾ ਸੂਤਰਾਂ ਨੇ ਕਿਹਾ ਕਿ ਰਾਹੁਲ ਨੇ ਦੋਸ਼ ਸਾਬਿਤ ਕਰਨ ਲਈ ਕੋਈ ਸਬੂਤ ਨਹੀਂ ਦਿੱਤੇ ਹਨ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਹੁਲ ਖ਼ਿਲਾਫ਼ ਮਰਿਆਦਾ ਮਤਾ ਲਿਆਉਣ ਲਈ ਅੱਜ ਲੋਕ ਸਭਾ ’ਚ ਇਕ ਨੋਟਿਸ ਵੀ ਦਿੱਤਾ। ਉਧਰ ਕਾਂਗਰਸ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਜੁੜੇ ਅਡਾਨੀ ਮਹਾ ਘੁਟਾਲੇ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਹਟਾ ਕੇ ਲੋਕ ਸਭਾ ’ਚ ਲੋਕਤੰਤਰ ਨੂੰ ਦਫ਼ਨਾ ਦਿੱਤਾ ਗਿਆ ਹੈ। ਕਾਂਗਰਸ ਆਗੂ ਦੀ ਟਿੱਪਣੀ ’ਤੇ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਕੋਈ ਸਬੂਤ ਹਨ ਤਾਂ ਉਹ ਇਹ ਜਨਤਕ ਕਰਨ।