ਰੇਡੀਓ ਹੋਸਟ ਹਰਨੇਕ ਸਿੰਘ ਉੱਪਰ ਹੋਏ ਹਮਲੇ ਦੇ ਮਾਮਲੇ ‘ਚ 6 ਵਿਅਕਤੀ ਗ੍ਰਿਫ਼ਤਾਰ

ਆਕਲੈਂਡ, 21 ਜਨਵਰੀ – ਪਿਛਲੇ ਮਹੀਨੇ ਰੇਡੀਓ ਟਾਕਬੈਕ ਹੋਸਟ ਹਰਨੇਕ ਸਿੰਘ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ 5 ਵਿਅਕਤੀਆਂ ਉੱਤੇ ਕਤਲ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਹੈ ਅਤੇ 6ਵੇਂ ਨੂੰ ਵੀ ਛੇਤੀ ਹੀ ਚਾਰਜ ਕੀਤਾ ਜਾਵੇਗਾ। ਇਨ੍ਹਾਂ ਦੇ ਨਾਂਅ ਹਾਲੇ ਗੁਪਤ ਰੱਖੇ ਗਏ ਹਨ।
ਖ਼ਬਰਾਂ ਮੁਤਾਬਿਕ ਕਾਊਂਟੀ ਮੈਨੂਕਾਓ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਕ੍ਰਿਸ ਬੈਰੀ ਨੇ ਕਿਹਾ ਕਿ ਵੀਰਵਾਰ ਨੂੰ ਫਲੈਟ ਬੁਸ਼ ਅਤੇ ਪਾਪਾਟੋਏਟੋਏ ਦੇ ਕਈ ਘਰਾਂ ‘ਤੇ ਸਰਚ ਵਾਰੰਟ ਜਾਰੀ ਕੀਤੇ ਗਏ ਸਨ। ਇਸ ਮਾਮਲੇ ਵਿੱਚ ਪੰਜ ਵਿਅਕਤੀਆਂ, ਜਿਨ੍ਹਾਂ ਦੀ ਉਮਰ 24 ਤੋਂ 39 ਸਾਲ ਦੇ ਵਿਚਕਾਰ ਹੈ, ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਚਾਰਜ ਕੀਤਾ ਗਿਆ। ਜਦੋਂ ਕਿ ਛੇਵਾਂ 26 ਸਾਲ ਦੀ ਉਮਰ ਦਾ ਹੈ, ਉਸ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਪੰਜੇ ਵਿਅਕਤੀ ਵੀਰਵਾਰ ਦੁਪਹਿਰ ਨੂੰ ਮੈਨੂਕਾਓ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਛੇਵੇਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇਨ੍ਹਾਂ ਨੂੰ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਆਕਲੈਂਡ ਹਾਈ ਕੋਰਟ ਵਿੱਚ ਪੇਸ਼ ਕੀਤਾ ਜਾਏਗਾ। ਡਿਟੈਕਟਿਵ ਬੈਰੀ ਨੇ ਕਿਹਾ ਕਿ ਪੁਲਿਸ ਪੁੱਛਗਿੱਛ ਜਾਰੀ ਹੈ ਅਤੇ ਅਸੀਂ ਹੋਰ ਗ੍ਰਿਫ਼ਤਾਰੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ।
ਡਿਟੈਕਟਿਵ ਬੈਰੀ ਨੇ ਕਿਹਾ ਕਿ ਹਰਨੇਕ ਸਿੰਘ ਨੂੰ ਹੁਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਆਪਣੀ ਗੰਭੀਰ ਸੱਟਾਂ ਤੋਂ ਠੀਕ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ 23 ਦਸੰਬਰ ਨੂੰ ਰਾਤ ਨੂੰ 10.20 ਵਜੇ ਦੇ ਕਰੀਬ ਵੈਟਲ ਡਾਊਨਜ਼ ਵਿਖੇ ਗਲੇਨਰੋਸ ਡ੍ਰਾਈਵ ਉੱਤੇ ਉਸ ਦੇ ਘਰ ਦੇ ਬਾਹਰ ਹੋਏ ਹਮਲੇ ਤੋਂ ਬਾਅਦ ਹਰਨੇਕ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ।