ਲਖੀਮਪੁਰ ਖੀਰੀ ਹਿੰਸਾ: ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਲਗਭਗ 12 ਘੰਟੇ ਚੱਲੀ ਪੁੱਛਗਿੱਛ ਮਗਰੋਂ ਗ੍ਰਿਫ਼ਤਾਰ

ਲਖੀਮਪੁਰ ਖੀਰੀ (ਯੂਪੀ), 9 ਅਕਤੂਬਰ – ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਅੱਜ ਉੱਤਰ ਪ੍ਰਦੇਸ਼ ਪੁਲੀਸ ਦੀ ਅਪਰਾਧ ਸ਼ਾਖਾ ਦੇ ਦਫ਼ਤਰ ਵਿੱਚ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਏ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਉਰਫ਼ ‘ਟੇਨੀ’ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉਰਫ਼ ‘ਮੋਨੂ’ ਤੋਂ 12 ਘੰਟੇ ਤੋਂ ਵੱਧ ਸਮੇਂ ਲੰਬੀ ਪੁੱਛਗਿੱਛ ਤੋਂ ਬਾਅਦ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਜਾਣਕਾਰੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡੀਆਈਜੀ ਉਪੇਂਦਰ ਅਗਰਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਦਿਨ ਭਰ ਪੁੱਛ-ਪੜਤਾਲ ਕਰਨ ਮਗਰੋਂ ਉਨ੍ਹਾਂ ਨੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਆਸ਼ੀਸ਼ ਨੇ ਪੁੱਛਗਿੱਛ ਵਿੱਚ ਸਹਿਯੋਗ ਨਹੀਂ ਕੀਤਾ, ਜਿਸ ਕਾਰਣ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਆਸ਼ੀਸ਼ ਅੱਜ ਸਵੇਰੇ 10.36 ਵਜੇ ਅਪਰਾਧ ਸ਼ਾਖਾ ਦੇ ਦਫ਼ਤਰ ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਇਆ। ਸੂਤਰਾਂ ਅਨੁਸਾਰ ਐੱਸਆਈਟੀ ਵੱਲੋਂ ਉਸ ਕੋਲੋਂ 12 ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ ਤੇ ਉਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ‘ਟੇਨੀ’ ਆਪਣੇ ਸਥਾਨਕ ਦਫ਼ਤਰ ਵਿੱਚ ਸਨ ਅਤੇ ਵਕੀਲਾਂ ਤੋਂ ਕਾਨੂੰਨੀ ਰਾਏ ਲੈ ਰਹੇ ਸਨ। ਆਸ਼ੀਸ਼ ਨੂੰ 8 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਨਹੀਂ ਆਇਆ ਤੇ ਉਸ ਨੂੰ ਮੁੜ ਅੱਜ ਸਵੇਰੇ 11 ਵਜੇ ਤਲਬ ਕੀਤਾ ਗਿਆ ਸੀ।
ਲਖੀਮਪੁਰ ਖੀਰੀ ਸਥਿਤ ਪੁਲਿਸ ਲਾਈਨ ਵਿਖੇ ਵਿਸ਼ੇਸ਼ ਜਾਂਚ ਟੀਮ ਸਾਹਮਣੇ ਆਸ਼ੀਸ਼ ਮਿਸ਼ਰਾ ਨੇ ਕਈ ਫ਼ੋਟੋ, ਵੀਡੀਓ ਕਲਿੱਪ ਅਤੇ ਸਹੁੰ ਪੱਤਰ ਦੇ ਕੇ ਦਾਅਵਾ ਕੀਤਾ ਕਿ ਉਹ ਘਟਨਾ ਵਾਲੇ ਸਥਾਨ ਉੱਤੇ ਮੌਜੂਦ ਨਹੀਂ ਸਨ। ਸੂਤਰਾਂ ਦੇ ਮੁਤਾਬਿਕ ਜਾਂਚ ਟੀਮ ਉਨ੍ਹਾਂ ਦੇ ਦਾਅਵਿਆਂ ਤੋਂ ਸੰਤੁਸ਼ਟ ਨਹੀਂ ਹੋਈ ਅਤੇ ਆਖ਼ਿਰਕਾਰ ਲਖੀਮਪੁਰ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਜ਼ਿਕਰਯੋਗ ਹੈ ਕਿ ਆਸ਼ੀਸ਼ ਮਿਸ਼ਰਾ ਉਰਫ਼ ਮੋਨੂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 147, 148, 149 (ਦੰਗਿਆਂ ਨਾਲ ਸਬੰਧਿਤ) , 279 (ਲਾਪਰਵਾਹੀ ਨਾਲ ਗੱਡੀ ਚਲਾਉਣ), 388 (ਕਿਸੇ ਸ਼ਖ਼ਸ ਨੂੰ ਚੋਟ ਪਹੁੰਚਾਉਣਾ ਜਿਸ ਦੇ ਨਾਲ ਉਸ ਦੀ ਜਾਨ ਨੂੰ ਖ਼ਤਰਾ ਹੋਵੇ), 304-A (ਲਾਪਰਵਾਹੀ ਨਾਲ ਮੌਤ), 302 (ਹੱਤਿਆ) ਅਤੇ 120-B (ਅਪਰਾਧਿਕ ਸਾਜ਼ਿਸ਼ ਰਚਨਾ) ਦੇ ਤਹਿਤ ਕੇਸ ਦਰਜ ਕੀਤਾ ਹੋਇਆ ਹੈ।