ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ ਵੀ 60 ਹੋਰ ਨਵੇਂ ਕੇਸ ਆਏ

ਆਕਲੈਂਡ ‘ਚ 56, ਵਾਇਕਾਟੋ ‘ਚ 3 ਅਤੇ ਬੇਅ ਆਫ਼ ਪਲੈਂਟੀ ‘ਚ 1 ਕੇਸ
ਵੈਲਿੰਗਟਨ, 10 ਅਕਤੂਬਰ (ਕੂਕ ਪੰਜਾਬੀ ਸਮਾਚਾਰ) –
ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 60 ਹੋਰ ਨਵੇਂ ਕੇਸ ਸਾਹਮਣੇ ਆਏ ਅਤੇ ਇਨ੍ਹਾਂ ਵਿੱਚੋਂ ਆਕਲੈਂਡ ਦੇ 56 ਕੇਸ, ਵਾਇਕਾਟੋ ਦੇ 3 ਕੇਸ ਅਤੇ 1 ਕੇਸ ਬੇਅ ਆਫ਼ ਪਲੈਂਟੀ ਦਾ ਹੈ। ਗੌਰਤਲਬ ਹੈ ਕਿ ਬੇਅ ਆਫ਼ ਪਲੈਂਟੀ ਕਸਬੇ ਦੇ ਕੇਟੀਕੇਟੀ ਵਿਚਲਾ ਇਹ ਕੇਸ ਸ਼ਨੀਵਾਰ ਨੂੰ ਰਿਪੋਰਟ ਕੀਤਾ ਗਿਆ ਸੀ ਪਰ ਇਸ ਨੂੰ ਐਤਵਾਰ ਦੇ ਅਧਿਕਾਰਤ ਅੰਕੜਿਆਂ ਵਿੱਚ ਗਿਣਿਆ ਗਿਆ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 60 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1,587 ਹੋ ਗਈ ਹੈ। ਹਸਪਤਾਲ ਵਿੱਚ 29 ਮਰੀਜ਼ ਹਨ ਜਿਨ੍ਹਾਂ ਵਿੱਚੋਂ 7 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 4 ਨੌਰਥ ਸ਼ੋਰ ਹਸਪਤਾਲ, 12 ਮਿਡਲਮੋਰ ਹਸਪਤਾਲ ਅਤੇ 11 ਆਕਲੈਂਡ ਸਿਟੀ ਹਸਪਤਾਲ, 1 ਕੇਸ ਵਾਇਕਾਟੋ ਬੇਸ ਹਸਪਤਾਲ ਅਤੇ 1 ਕੇਸ ਪਾਲਮਰਸਟਨ ਨੌਰਥ ਵਿੱਚ ਹੈ।
ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ‘ਚ 20,421 ਟੈੱਸਟ ਕੀਤੇ ਗਏ ਹਨ, ਆਕਲੈਂਡ ਵਿੱਚ 7,000 ਤੋਂ ਵੱਧ ਟੈੱਸਟ ਕੀਤੇ ਗਏ। ਦੇਸ਼ ਭਰ ਵਿੱਚ ਕੱਲ੍ਹ ਕੋਵਿਡ -19 ਦੀਆਂ ਕੁੱਲ 81,831 ਖ਼ੁਰਾਕਾਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ ਪਹਿਲੀ ਖ਼ੁਰਾਕ ਵਾਲੇ 14,642 ਅਤੇ ਦੂਜੀ ਖ਼ੁਰਾਕ ਵਾਲੇ 67,189 ਹਨ। ਦੇਸ਼ ਭਰ ‘ਚ ਹੁਣ ਤੱਕ 5,789,774 ਟੀਕੇ ਲਗਾਏ ਗਏ ਹਨ, ਜਦੋਂ ਕਿ ਉਨ੍ਹਾਂ ਵਿੱਚੋਂ 2,351,485 ਦੂਜੀ ਖ਼ੁਰਾਕ ਵਾਲੇ ਟੀਕੇ ਹਨ।