ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਪੁੱਤਰ ਦਾ ਵਿਆਹ ਸਾਦੇ ਢੰਗ ਨਾਲ ਕੀਤਾ

ਮੁਹਾਲੀ, 10 ਅਕਤੂਬਰ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਪੁੱਤਰ ਦਾ ਵਿਆਹ ਸਾਦੇ ਢੰਗ ਨਾਲ ਕਰਕੇ ਨਵੀਂ ਪਿਰਤ ਪਾਈ ਹੈ। ਮੁਹਾਲੀ ਦੇ ਫ਼ੇਜ਼-3ਬੀ1 ਸਥਿਤ ਗੁਰਦੁਆਰਾ ਸਾਚਾ ਧਨ ਸਾਹਿਬ ਵਿਖੇ ਉਨ੍ਹਾਂ ਦੇ ਪੁੱਤਰ ਦੀਆਂ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਮੁੱਖ ਮੰਤਰੀ ਚੰਨੀ ਖ਼ੁਦ ਗੱਡੀ ਚਲਾ ਕੇ ਲਿਆਏ। ਬਰਾਤ ਅਤੇ ਦੋਵੇਂ ਪਰਿਵਾਰਾਂ ਦੇ ਰਿਸ਼ਤੇਦਾਰਾਂ ਦੇ ਸਵਾਗਤ ਤੋਂ ਬਾਅਦ ਨਾਸ਼ਤਾ ਪਰੋਸਿਆ। ਇਸ ਮਗਰੋਂ ਅਨੰਦ ਕਾਰਜ ਹੋਏ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਪੁਰੋਹਿਤ ਸਮੇਤ ਕੇਂਦਰੀ ਆਗੂ ਕੁਮਾਰੀ ਸ਼ੈਲਜਾ, ਸਮੁੱਚਾ ਮੰਤਰੀ ਮੰਡਲ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਿਧਾਇਕ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਹਾਜ਼ਰ ਨਹੀਂ ਹੋਏ।
ਗੁਰਦੁਆਰਾ ਸਾਹਿਬ ਦੀ ਬੇਸਮੈਂਟ ਵਿਖੇ ਲੰਗਰ ਹਾਲ ਵਿੱਚ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਗੁਰਦੁਆਰਾ ਕੰਪਲੈਕਸ ਅੰਦਰ ਹੀ ਸਕੂਲ ਦੀ ਪਾਰਕਿੰਗ ਵਾਲੀ ਥਾਂ ‘ਤੇ ਲੰਗਰ ਦੀ ਵਿਵਸਥਾ ਕੀਤੀ ਗਈ।