ਲਹਿੰਦੇ ਅਤੇ ਚੜਦੇ ਪੰਜਾਬ ਦੇ ਕਲਾਕਾਰਾਂ ਦੀ ਸਾਂਝੀ ਕਹਾਣੀ “ਡਰਾਮੇ ਆਲੇ”

ਪੰਜਾਬੀ ਫ਼ਿਲਮ ਡਰਾਮੇ ਆਲੇ ਲਹਿੰਦੇ ਅਤੇ ਚੜਦੇ ਪੰਜਾਬ ਦੇ ਸਾਂਝੇ ਕਲਾਕਾਰਾਂ ਦੀ ਫ਼ਿਲਮ ਹੈ। ਪਾਕਿਸਤਾਨ ਦੇ ਡਰਾਮੇ (ਨਾਟਕ) ਪੂਰੀ ਦੁਨੀਆਂ ਵਿੱਚ ਮਸ਼ਹੂਰ ਹਨ। ਇਹ ਫਿਲਮ ਪਾਕਿਸਤਾਨ ਤੋਂ ਹੀ ਲੰਡਨ ਨਾਟਕ ਖੇਡਣ ਆਏ ਥੀਏਟਰ ਕਲਾਕਾਰਾਂ ਦੇ ਦੁਆਲੇ ਘੁੰਮਦੀ ਹੈ। 19 ਜਨਵਰੀ ਨੂੰ ਦੁਨੀਆਂ ਭਰ ਵਿੱਚ ਰਿਲੀਜ ਹੋ ਰਹੀ ਇਸ ਫ਼ਿਲਮ ਨਾਲ ਦੋਹਾਂ ਮੁਲਕਾਂ ਦੀ ਕਲਾਤਮਿਕ ਸਾਂਝ ਹੋਰ ਗੂੜੀ ਹੋਵੇਗੀ। ਕਾਮੇਡੀ, ਰੁਮਾਂਸ ਤੇ ਸੋਸ਼ਲ ਡਰਾਮੇ ਦਾ ਸੁਮੇਲ ਇਸ ਫ਼ਿਲਮ ਵਿੱਚ ਚੜਦੇ ਪੰਜਾਬ ਤੋਂ ਹਰੀਸ਼ ਵਰਮਾ, ਸ਼ਰਨ ਕੌਰ ਅਤੇ ਸੁਖਵਿੰਦਰ ਚਾਹਲ ਨੇ ਮੁੱਖ ਭੂਮਿਕਾ ਨਿਭਾਈ ਹੈ। ਜਦ ਲਹਿੰਦੇ ਪੰਜਾਬ ਤੋਂ ਨਾਮਵਾਰ ਅਦਾਕਾਰਾ ਰੂਬੀ ਅਨਮ, ਸਰਦਾਰ ਕਾਮਾਲ, ਮਲਿਕ ਆਸਫ ਇਕਬਾਲ, ਹਨੀ ਅਲਬੇਲਾ ਤੇ ਕੇਸਰ ਪਿਆ ਨੇ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀ ਰੰਗਮੰਚ ਤੋਂ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲਾ ਹਰੀਸ਼ ਵਰਮਾ ਹੁਣ ਇਸ ਫਿਲਮ ਜ਼ਰੀਏ ਫ਼ਿਲਮੀ ਪਰਦੇ ‘ਤੇ ਵੀ ਨਾਟਕ ਖੇਡਦਾ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਹਰੀਸ਼ ਵਰਮਾ ਨੇ ਪਹਿਲੀ ਵਾਰ ਪੂਰੀ ਫਿਲਮ ਵਿੱਚ ਪੱਗ ਬੰਨੀ ਹੈ। ਫਿਲਮ ਦਾ ਟ੍ਰੇਲਰ ਹਾਲਹਿ ਵਿੱਚ ਰਿਲੀਜ ਹੋਇਆ ਹੈ ਜਿਸ ਨੂੰ ਚੁਫੇਰਿਓ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਟ੍ਰੇਲਰ ਤੋਂ ਝਲਕ ਰਿਹਾ ਹੈ ਇਸ ਫਿਲਮ ਦੀ ਕਹਾਣੀ ਬੇਹੱਦ ਦਿਲਚਸਪ ਹੈ। ਫਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਸੰਗੀਤ ਵੀ ਦਿਲ ਟੁੰਭਦਾ ਨਜ਼ਰ ਆ ਰਿਹਾ ਹੈ।
“ਗਿੱਲ ਮੋਸ਼ਨ ਪਿਕਚਰ” ਦੇ ਬੈਨਰ ਹੇਠ ਬਣੀ ਨਿਰਮਾਤਾ ਜਸਕਰਨ ਸਿੰਘ ਦੀ ਇਸ ਫਿਲਮ ਦੀ ਕਹਾਣੀ ਚੰਦਰ ਕੰਬੋਜ ਨੇ ਲਿਖੀ ਹੈ। ਫਿਲਮ ਨੂੰ ਡਾਇਰੈਕਟ ਚੰਦਰ ਕੰਬੋਜ ਅਤੇ ਉਪਿੰਦਰ ਰੰਧਾਵਾ ਨੇ ਸਾਂਝੇ ਤੌਰ ‘ਤੇ ਕੀਤਾ ਹੈ। ਫਿਲਮ ਦੇ ਸਹਿ ਨਿਰਮਾਤਾ ਵਿਕਾਸ ਧਵਨ, ਸੰਜੀਵ ਕੁਮਾਰ,ਰਾਜਵਿੰਦਰ ਕੌਰ ਅਤੇ ਅਜਰ ਭੱਟ ਹਨ। ਕਰੇਟਿਵ ਡਾਇਰੈਕਟਰ ਆਰ ਘਾਲੀ ਦੀ ਦੇਖਰੇਖ ਹੇਠ ਬਣੀ ਇਸ ਖ਼ੂਬਸੂਰਤ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਹਰੀਸ਼ ਵਰਮਾ ਨੇ ਦੱਸਿਆ ਕਿ ਇਸ ਫਿਲਮ ਦਾ ਟਾਈਟਲ ਹੀ ਫਿਲਮ ਬਾਰੇ ਬਹੁਤ ਕੁਝ ਬਿਆਨ ਕਰ ਰਿਹਾ ਹੈ। ਇਹ ਫਿਲਮ ਰੰਗਮੰਚ ਦੇ ਕਲਾਕਾਰਾਂ ਤੇ ਉਹਨਾਂ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ। ਪਾਕਿਸਤਾਨ ਦੇ ਡਰਾਮੇ ਪੂਰੀ ਦੁਨੀਆਂ ਵਿੱਚ ਦੇਖੇ ਜਾਂਦੇ ਹਨ। ਪਾਕਿਸਤਾਨ ਤੋਂ ਲੰਡਨ ਆਪਣਾ ਨਾਟਕ ਲੈ ਕੇ ਪੁਹੰਚੀ ਇਕ ਨਾਟਕ ਮੰਡਲੀ ਦੀ ਹਾਲਤ ਉਦੋਂ ਹਾਸੋਹੀਣੀ ਹੋ ਜਾਂਦੀ ਹੈ ਜਦੋਂ ਨਾਟਕ ਦੀ ਟੀਮ ਨਾਲ ਆਇਆ ਇਕ ਕਲਾਕਾਰ ਅਚਾਨਕ ਭੱਜ ਜਾਂਦਾ ਹੈ। ਬਿਗਾਨੇ ਮਲਕ ਵਿੱਚ ਉਸ ਲਾਪਤਾ ਕਲਾਕਾਰ ਨੂੰ ਵੀ ਲੱਭਣਾ ਹੈ ਅਤੇ ਪ੍ਰੋਮੋਟਰ ਵੱਲੋ ਰੱਖੇ ਗਏ ਨਾਟਕ ਦੇ ਸ਼ੋਅ ਨੂੰ ਵੀ ਪੂਰਾ ਕਰਨਾ ਹੈ। ਇਹ ਸਾਰਾ ਡਰਾਮਾ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗਾ। ਉਹ ਨਿੱਜੀ ਜ਼ਿੰਦਗੀ ਵਿੱਚ ਵੀ ਰੰਗਮੰਚ ਨਾਲ ਜੁੜਿਆ ਰਿਹਾ ਹੈ ਇਸ ਲਈ ਫਿਲਮ ਵਿੱਚ ਇਸ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਉਸ ਲਈ ਬੇਹੱਦ ਰੁਮਾਂਚਿਤ ਸੀ। ਕਈ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਸ਼ਰਨ ਕੌਰ ਇਸ ਵਿੱਚ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਵੇਗੀ। ਉਹ ਇਸ ਫ਼ਿਲਮ ਵਿੱਚ ਪਾਕਿਸਤਾਨ ਦੀ ਇੱਕ ਨਾਮੀ ਮੇਕਅੱਪ ਆਰਟਿਸਟ ਦਾ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਚੰਦਰ ਕੰਬੋਜ ਮੁਤਾਬਕ ਇਹ ਫ਼ਿਲਮ ਦੋ ਮੁਲਕਾਂ ਦੀ ਆਪਣੀ ਕਲਾਤਮਿਕ ਸਾਂਝ ਦਾ ਨਮੂਨਾ ਹੋਵੇਗੀ। ਇਹ ਫ਼ਿਲਮ ਹਰ ਵਰਗ ਦੇ ਦਰਸ਼ਕ ਨੂੰ ਪਸੰਦ ਆਵੇਗੀ। ਮਨੋਰੰਜਨ ਦੇ ਨਾਲ ਨਾਲ ਵੱਡਾ ਸੁਨੇਹਾ ਵੀ ਦਿੰਦੀ ਇਸ ਫ਼ਿਲਮ ਨਾਲ ਉਹ ਵੀ ਬਤੌਰ ਫ਼ਿਲਮ ਨਿਰਦੇਸ਼ਕ ਆਪਣੀ ਸ਼ੁਰੂਆਤ ਕਰ ਰਹੇ ਹਨ। ਪੰਜਾਬੀ ਸਿਨਮਾ ਦੇ ਮਾਣ ਵਿੱਚ ਹੋਰ ਵਾਧਾ ਕਰਦੀ ਇਹ ਫ਼ਿਲਮ ਦੋਵਾਂ ਪੰਜਾਬ ਦੀ ਸਾਂਝ ਵੀ ਹੋਰ ਗੂੜੀ ਕਰੇਗੀ।
ਜਿੰਦ ਜਵੰਦਾ 0091 9779591482