ਗਿਆਨੀ ਸੁਲਤਾਨ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਗੁਰਪੁਰਬ ਤੇ ਨਗਰ ਕੀਰਤਨ ਸਮਾਗਮ ਟੌਰੰਗਾ ਲਈ ਪਹੁੰਚੇ

ਆਕਲੈਂਡ, 5 ਜਨਵਰੀ (ਹਰਜਿੰਦਰ ਸਿੰਘ ਬਸਿਆਲਾ) – ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਇਸ ਵਾਰ 9ਵਾਂ ਸਲਾਨਾ ਨਗਰ ਕੀਰਤਨ ਐਤਵਾਰ 14 ਜਨਵਰੀ ਨੂੰ ਸਵੇਰੇ 11 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ।
ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ 12 ਜਨਵਰੀ ਤੋਂ ਸ਼ੁਰੂ ਹੋ ਜਾਣੀ ਹੈ। ਨਗਰ ਕੀਰਤਨ ਸਬੰਧੀ ਜਿੱਥੇ ਸਾਰੀਆਂ ਤਿਆਰੀਆਂ ਹੋ ਗਈਆਂ ਹਨ ਉਥੇ ਸਮੂਹ ਸੰਗਤ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਸ ਨਗਰ ਕੀਰਤਨ ਦੇ ਵਿਚ ਸ਼ਾਮਿਲ ਹੋਣ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਸੁਲਤਾਨ ਸਿੰਘ ਵੀ ਵਿਸ਼ੇਸ਼ ਤੌਰ ਉਤੇ ਅੱਜ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚੇ। ਉਨ੍ਹਾਂ ਦੇ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਡੀਸ਼ਨਲ ਮੈਨੇਜਰ ਐਡਵੋਕੇਟ ਸ. ਹਰਦੇਵ ਸਿੰਘ ਅਤੇ ਓ. ਐਸ. ਡੀ. ਸਿੰਘ ਸਾਹਿਬ ਅਤੇ ਬਾਬਾ ਜਰਨੈਲ ਸਿੰਘ ਕਾਰਸੇਵਾ ਵਾਲੇ ਵੀ ਸੰਗਤਾਂ ਦੇ ਦਰਸ਼ਨ ਕਰਨ ਪਹੁੰਚੇੇ ਹਨ।
ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿਣ ਲਈ ਗੁਰਦੁਆਰਾ ਸਿੱਖ ਸੰਗਤ ਦੇ ਪ੍ਰਧਾਨ ਸ. ਪੂਰਨ ਸਿੰਘ ਬੰਗਾ, ਸ. ਗੁਰਪਾਲ ਸਿੰਘ ਸ਼ੇਰਗਿੱਲ, ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤਜੇਸ਼ਵਰ ਸਿੰਘ, ਭਾਈ ਕਰਨ ਸਿੰਘ, ਸ. ਪਿ੍ਰਥੀਪਾਲ ਸਿੰਘ, ਸ. ਬਚਨ ਸਿੰਘ ਲਾਲੀ, ਸ. ਦਲਜੀਤ ਸਿੰਘ, ਸ. ਕੰਵਲਜੀਤ ਸਿੰਘ ਬਖਸ਼ੀ, ਸ. ਬੇਅੰਤ ਸਿੰਘ ਜਾਡੋਰ ਅਤੇ ਸ. ਮਨਜੀਤ ਸਿੰਘ ਬਾਠ ਪਹੁੰਚੇ।