ਲੁਧਿਆਣਾ ਦੀ ਅਦਾਲਤ ‘ਚ ਬੰਬ ਧਮਾਕਾ, ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਉੱਚ ਪੱਧਰੀ ਜਾਂਚ ਦੇ ਹੁਕਮ

ਲੁਧਿਆਣਾ, 23 ਦਸੰਬਰ – ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੀ ਤੀਜੀ ਮੰਜ਼ਿਲ ਵਿੱਚ ਦੁਪਹਿਰ ਵੇਲੇ ਹੋਏ ਬੰਬ ਧਮਾਕੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਵਕੀਲ ਸਣੇ 5 ਲੋਕ ਜ਼ਖਮੀ ਹੋਏ ਹਨ। ਸੂਬੇ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਕੇਂਦਰ ਸਰਕਾਰ ਨੇ ਵੀ ਪੰਜਾਬ ਸਰਕਾਰ ਤੋਂ ਇਸ ਧਮਾਕੇ ਬਾਰੇ ਰਿਪੋਰਟ ਮੰਗੀ ਹੈ। ਮੌਕੇ ‘ਤੇ ਮੁੱਢਲੀ ਪੜਤਾਲ ਵਿੱਚ ਪੁਲੀਸ ਨੂੰ ਖ਼ਦਸ਼ਾ ਹੈ ਕਿ ਜੋ ਵਿਅਕਤੀ ਬਾਥਰੂਮ ਦੇ ਅੰਦਰ ਬੰਬ ਲਗਾ ਰਿਹਾ ਸੀ ਤਾਂ ਉਸ ਸਮੇਂ ਬੰਬ ਫੱਟ ਗਿਆ ਜਿਸ ਕਾਰਣ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੀਆਂ ਲੱਤਾਂ ਉੱਡ ਗਈਆਂ।
ਬੰਬ ਧਮਾਕੇ ਦੀ ਘਟਨਾ ਤੋਂ ਬਾਅਦ ਮੌਕੇ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਪੁਲੀਸ ਮੁਖੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਹਸਪਤਾਲ ਵਿੱਚ ਜੇਰੇ ਇਲਾਜ ਫੱਟੜਾਂ ਦਾ ਹਾਲ ਵੀ ਪੁੱਛਿਆ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਆਰੰਭ ਹੋ ਗਈ ਹੈ, ਦੋਸ਼ੀ ਬਖ਼ਸ਼ੇ ਨਹੀਂ ਜਾਣਗੇ। ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲੀਸ ਇਸ ਬੰਬ ਧਮਾਕੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਮੌਕੇ ‘ਤੇ ਐੱਨਆਈਏ ਦੀ ਟੀਮ ਵੀ ਜਾਂਚ ਲਈ ਪੁੱਜ ਰਹੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਾਲੇ ਮ੍ਰਿਤਕ ਦੀ ਤਾਂ ਪਛਾਣ ਨਹੀਂ ਹੋ ਸਕੀ ਹੈ ਪਰ ਫੱਟੜਾਂ ਵਿੱਚ ਸੰਦੀਪ ਕੌਰ, ਸ਼ਰਨਜੀਤ ਕੌਰ, ਮਨੀਸ਼ ਕੁਮਾਰ, ਵਕੀਲ ਕੁਲਦੀਪ ਸਿੰਘ ਮੰਡ ਤੇ ਕ੍ਰਿਸ਼ਨ ਖੰਨਾ ਸ਼ਾਮਲ ਹਨ।