ਲੋਕ ਸਭਾ ਚੋਣਾਂ 2019: ਪੰਜਾਬ ‘ਚ 65.25 ਫ਼ੀਸਦ ਵੋਟਿੰਗ

64ਚੰਡੀਗੜ੍ਹ, 20 ਮਈ – ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ‘ਚ 19 ਮਈ ਨੂੰ ਪੰਜਾਬ ਦੇ 13 ਸੰਸਦੀ ਹਲਕਿਆਂ ‘ਚ ਪਈਆਂ ਵੋਟਾਂ ਦੌਰਾਨ ਹਾਕਮ ਧਿਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਰਮਿਆਨ ਮਾਮੂਲੀ ਝੜਪਾਂ ਹੋਈਆਂ। ਚੋਣ ਕਮਿਸ਼ਨ ਮੁਤਾਬਿਕ ਸੂਬੇ ‘ਚ 65.25 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਹੈ। ਪੰਜਾਬ ‘ਚ ਆਪਣਾ ਸਿਆਸੀ ਭਵਿੱਖ ਅਜ਼ਮਾ ਰਹੇ 278 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ‘ਚ ਬੰਦ ਹੋ ਗਈ ਹੈ ਜਿਸ ਦਾ ਫ਼ੈਸਲਾ 23 ਮਈ ਨੂੰ ਹੋਵੇਗਾ।
ਪੰਜਾਬ ਦੇ ਵੋਟਰਾਂ ਵਿੱਚ ਇਸ ਵਾਰ ਪਹਿਲਾਂ ਨਾਲੋਂ ਘੱਟ ਉਤਸ਼ਾਹ ਦੇਖਣ ਨੂੰ ਮਿਲਿਆ। ਸਾਲ 2014 ਦੀਆਂ ਚੋਣਾਂ ਦੌਰਾਨ 70.79 ਫੀਸਦੀ ਵੋਟਾਂ ਭੁਗਤੀਆਂ ਸਨ ਪਰ ਇਸ ਵਾਰੀ ਵੋਟ ਪ੍ਰਤੀਸ਼ਤ ਘੱਟ ਕੇ 65.25 ਫੀਸਦੀ ਤੱਕ ਰਹਿ ਗਿਆ ਹੈ।
ਚੋਣ ਕਮਿਸ਼ਨ ਵੱਲੋਂ ਸ਼ਾਮ 6 ਵਜੇ ਤੱਕ ਭੁਗਤੀਆਂ ਵੋਟਾਂ ਦੀ ਜੋ ਪ੍ਰਤੀਸ਼ਤ ਜਾਰੀ ਕੀਤੀ ਗਈ ਹੈ, ਉਸ ਮੁਤਾਬਿਕ ਗੁਰਦਾਸਪੁਰ ਹਲਕੇ ਵਿੱਚ 69.27 ਫੀਸਦੀ, ਅੰਮ੍ਰਿਤਸਰ ‘ਚ 56.35 ਫੀਸਦੀ, ਖਡੂਰ ਸਾਹਿਬ ਵਿੱਚ 64.17 ਫੀਸਦੀ, ਜਲੰਧਰ ‘ਚ 62.92 ਫੀਸਦੀ, ਹੁਸ਼ਿਆਰਪੁਰ ‘ਚ 61.21 ਫੀਸਦੀ, ਆਨੰਦਪੁਰ ਸਾਹਿਬ ਵਿੱਚ 64.05 ਫੀਸਦੀ, ਲੁਧਿਆਣਾ ‘ਚ 61.52 ਫੀਸਦੀ, ਫਤਿਹਗੜ੍ਹ ਸਾਹਿਬ ਵਿੱਚ 65.65 ਫੀਸਦੀ, ਫ਼ਰੀਦਕੋਟ ਵਿੱਚ 62.74 ਫੀਸਦੀ, ਫਿਰੋਜ਼ਪੁਰ ‘ਚ 67.76 ਫੀਸਦੀ, ਬਠਿੰਡਾ ਵਿੱਚ ਸਭ ਤੋਂ ਵੱਧ 73.90 ਫੀਸਦੀ, ਸੰਗਰੂਰ ਵਿੱਚ 70.74 ਫੀਸਦੀ ਅਤੇ ਪਟਿਆਲਾ ਵਿੱਚ 67.02 ਫੀਸਦੀ ਵੋਟਾਂ ਪਈਆਂ ਹਨ। ਇਸ ਦੌਰਾਨ ਚੰਡੀਗੜ੍ਹ ਦੀ ਇੱਕੋ ਲੋਕ ਸਭਾ ਸੀਟ ‘ਤੇ 63.57 ਫੀਸਦੀ ਵੋਟਾਂ ਪਈਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਫਿਲਮ ਅਦਾਕਾਰ ਸਨੀ ਦਿਓਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ, ‘ਆਪ’ ਦੇ ਪ੍ਰਧਾਨ ਭਗਵੰਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ, ਡਾ. ਧਰਮਵੀਰ ਗਾਂਧੀ, ਪਰਮਜੀਤ ਕੌਰ ਖਾਲੜਾ, ਜਗੀਰ ਕੌਰ, ਤਿੰਨ ਸਾਬਕਾ ਨੌਕਰਸ਼ਾਹਾਂ ਦਰਬਾਰਾ ਸਿੰਘ ਗੁਰੂ, ਡਾ. ਅਮਰ ਸਿੰਘ ਅਤੇ ਸੋਮ ਪ੍ਰਕਾਸ਼ ਸਮੇਤ 278 ਉਮੀਦਵਾਰਾਂ ਦੀ ਕਿਸਮਤ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਵਿੱਚ ਬੰਦ ਹੋ ਗਈ ਹੈ।