ਲੋਕ ਸਭਾ ਚੋਣ 2019: ਐਗਜ਼ਿਟ ਪੋਲ ‘ਚ ਮੋਦੀ ਸਰਕਾਰ ਦੀ ਚੜ੍ਹਤ

ਨਵੀਂ ਦਿੱਲੀ, 20 ਮਈ – ਲੋਕ ਸਭਾ ਚੋਣ 2019 ਦੇ 7 ਪੜਾਵਾਂ ਦੀ ਵੋਟਿੰਗ 19 ਮਈ ਨੂੰ ਪੂਰੀ ਹੋਣ ਦੇ ਨਾਲ ਹੀ 542 ਸੀਟਾਂ ਉੱਤੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਕੈਦ ਹੋ ਗਈ ਹੈ। ਭਾਵੇਂ ਚੋਣਾਂ ਦੇ ਅੰਤਿਮ ਨਤੀਜੇ ਤਾਂ 23 ਮਈ ਨੂੰ ਗਿਣਤੀ ਸ਼ੁਰੂ ਹੋਣ ਦੇ ਨਾਲ ਆਉਣਗੇ ਪਰ ਆਖ਼ਰੀ ਪੜਾਅ ਦੀ ਵੋਟਿੰਗ ਹੋਣ ਦੇ ਬਾਅਦ ਐਤਵਾਰ ਨੂੰ ਕਈ ਨਿਊਜ਼ ਏਜੰਸੀਆਂ ਅਤੇ ਚੈਨਲਾਂ ਦੇ ਐਗਜ਼ਿਟ ਪੋਲ ਆ ਗਏ ਜਿਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇੱਕ ਵਾਰ ਮੁੜ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਗਈ।
ਨਿਊਜ਼ ਏਜੰਸੀਆਂ ਅਤੇ ਚੈਨਲਾਂ ਵੱਲੋਂ ਵਿਖਾਏ ਜਾ ਰਹੇ ਐਗਜ਼ਿਟ ਪੋਲਸ ਦੇ ਅਨੁਮਾਨ ਮੁਤਾਬਿਕ ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕ੍ਰੇਟਿਕ ਐਲਾਇੰਸ (ਐਨਡੀਏ) ਗੱਠਜੋੜ ਦੀ ਸਥਿਤੀ ਬਿਹਤਰ ਵਿਖਾਈ ਦੇ ਰਹੀ ਹੈ ਤੇ ਸੈਂਟਰ ‘ਚ ਮੁੜ ਮੋਦੀ ਸਰਕਾਰ ਬਣੇਗੀ। ਕਿਉਂਕਿ ਸਾਰੇ ਹੀ ਐਗਜ਼ਿਟ ਪੋਲਸ ਵਿੱਚ ਭਾਜਪਾ ਦੇ ਅਗਵਾਈ ਵਾਲੇ ਐਨਡੀਏ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ ਜਦੋਂ ਕਿ ਯੂਪੀਏ ਗੱਠਜੋੜ ਪਛੜਦਾ ਨਜ਼ਰ  ਆ ਰਿਹਾ ਹੈ। 
ਬਹੁਤੀਆਂ ਏਜੰਸੀਆਂ ਵੱਲੋਂ ਕਿਤੇ ਗਏ ਐਗਜ਼ਿਟ ਪੋਲ ‘ਚ ਭਾਜਪਾ ਗੱਠਜੋੜ ਲਗਭਗ ਹਰ ਖੇਤਰ ਵਿੱਚ ਯੂਪੀਏ ਗੱਠਜੋੜ ਨੂੰ ਮਾਤ ਦਿੰਦਾ ਨਜ਼ਰ ਆ ਰਿਹਾ ਹੈ। ਟਾਈਮਸ ਨਾਉ-ਵੀਐਮਆਰ ਐਗਜ਼ਿਟ ਪੋਲ ਦੇ ਅਨੁਸਾਰ, ਐਨਡੀਏ ਗੱਠਜੋੜ ਨੂੰ 306 ਸੀਟਾਂ ਮਿਲ ਰਹੀ ਹਨ। ਜਦੋਂ ਕਿ ਯੂਪੀਏ ਨੂੰ 132 ਸੀਟਾਂ ਮਿਲਣ ਦਾ ਅਨੁਮਾਨ ਹੈ, ਹੋਰਾਂ ਨੂੰ 104 ਸੀਟਾਂ ਮਿਲਦੀਆਂ ਵਿਖ ਰਹੀਆਂ ਹਨ। ਯਾਨੀ ਕਿ ਐਨਡੀਏ ਗੱਠਜੋੜ ਅਰਾਮ ਨਾਲ ਬਹੁਮਤ ਦੀ ਗਿਣਤੀ ਪਾਰ ਕਰਦਾ ਹੋਇਆ ਵਿਖ ਰਿਹਾ ਹੈ। ਇਸ ਤੋਂ ਇਲਾਵਾ ਕਿਸੇ ਚੈਨਲ ਵੱਲੋਂ ਭਾਜਪਾ ਗੱਠਜੋੜ ਨੂੰ 309, 282, 290, 297, 305 ਆਦਿ ਹੈ ਜਦੋਂ ਕਿ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਗੱਠਜੋੜ ਨੂੰ 128, 124, 130, 118 ਆਦਿ ਅਤੇ ਹੋਰਨਾਂ ਨੂੰ 137, 127, 104, 113 ਆਦਿ ਹਨ।