ਲੋਹਗੜ੍ਹ ਦੀ ਢੁਕਵੀਂ ਯਾਦਗਾਰ ਬਣਾਉਣ ਦੀ ਲੋੜ

ਸਾਢੌਰਾ (ਜ਼ਿਲ੍ਹਾ ਅੰਬਾਲਾ) ਨੇੜੇ ਮੌਜੂਦ ਲੋਹਗੜ੍ਹ ਕਿਲ੍ਹੇ ਦੇ ਖੰਡਰ ਸਿੱਖਾਂ ਦੀ ਅਣਖ, ਸਵੈਮਾਨ ਤੇ ਦਲੇਰੀ ਦੀ ਸ਼ਾਹਦੀ ਭਰਦੇ ਹਨ। ਇੱਥੋਂ ਸਿੱਖਾਂ ਨੇ ਸਮੇਂ ਦੀ ਹਕੂਮਤ ਦੀ ਸਭ ਤੋਂ ਸ਼ਕਤੀਸ਼ਾਲੀ ਫ਼ੌਜ ਨਾਲ ਟੱਕਰ ਲਈ ਸੀ। ਇਸ ਕਿਲ੍ਹੇ ਨੂੰ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਕਿਹਾ ਜਾਂਦਾ ਹੈ। ਇਹ ਇੱਕ ਅਜਿਹਾ ਕਿਲ੍ਹਾ ਹੈ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਅਧਿਕਾਰ ਵਿੱਚ ਆਉਣ ਤੋਂ ਬਾਅਦ ਸਿੱਖਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਸੀ। ਸਿੱਖਾਂ ਨੂੰ ਸੱਤਾ ਦਾ ਅਹਿਸਾਸ ਦਿਵਾਉਣ ਵਾਲਾ ਇਹ ਕਿਲ੍ਹਾ ਛੇਤੀ ਹੀ ਇੰਨੀ ਪ੍ਰਸਿੱਧੀ ਪ੍ਰਾਪਤ ਕਰ ਗਿਆ ਸੀ ਕਿ ਬਾਦਸ਼ਾਹ ਬਹਾਦਰ ਸ਼ਾਹ ਨੂੰ ਇਸ ‘ਤੇ ਫ਼ਤਹਿ ਪ੍ਰਾਪਤ ਕਰਨ ਲਈ ਰਾਜਪੁਤਾਨੇ ਦੀ ਮੁਹਿੰਮ ਵਿੱਚੇ ਛੱਡੇ ਕੇ ਅਜਮੇਰ ਤੋਂ ਇੱਥੇ ਆਉਣ ਲਈ ਮਜਬੂਰ ਹੋਣਾ ਪਿਆ ਸੀ।
ਲੋਹਗੜ੍ਹ ਦੀ ਬਾਦਸ਼ਾਹੀ ਮੁਹਿੰਮ ਨੇ ਭਾਰਤ ਦੇ ਸਮੂਹ ਰਾਜਿਆਂ, ਜਾਗੀਰਦਾਰਾਂ, ਨਵਾਬਾਂ, ਹਾਕਮਾਂ, ਲਿਖਾਰੀਆਂ ਆਦਿ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਮੁਗ਼ਲਾਂ ਨਾਲ ਸਿੱਖਾਂ ਦੇ ਸਬੰਧ ਦਰਸਾਉਂਦੀਆਂ ਲਗਭਗ ਸਮੂਹ ਲਿਖਤਾਂ ਲੋਹਗੜ੍ਹ ਦਾ ਜ਼ਿਕਰ ਕਰਦੀਆਂ ਹਨ। ਭਾਵੇਂ ਕਿ ਮੌਜੂਦਾ ਸਮੇਂ ਵਿੱਚ ਉੱਥੇ ਕੋਈ ਬਹੁਤੀ ਪ੍ਰਭਾਵਸ਼ਾਲੀ ਯਾਦਗਾਰ ਕਾਇਮ ਨਹੀਂ ਹੋ ਸਕੀ ਪਰ ਸਿੱਖ ਇਤਿਹਾਸ ਵਿੱਚ ਰੁਚੀ ਰੱਖਣ ਵਾਲਿਆਂ ਦੇ ਮਨ ਵਿੱਚ ਇਹ ਅਸਥਾਨ ਖਿੱਚ ਪੈਦਾ ਕਰਦਾ ਹੈ।
ਸਾਢੌਰਾ ਦੇ ਨਜ਼ਦੀਕ ਪਾਉਂਟਾ ਸਾਹਿਬ ਜਾਂਦਿਆਂ ਮੁੱਖ ਸੜਕ ਤੋਂ ਥੋੜ੍ਹਾ ਪਾਸੇ ਪਹਾੜੀ ‘ਤੇ ਬਣਿਆ ਹੋਇਆ ਇਹ ਅਜਿਹਾ ਅਸਥਾਨ ਹੈ, ਜਿਸ ਨੂੰ ਸਾਹਮਣੇ ਵਾਲੇ ਪਾਸਿਉਂ ਨਦੀ ਨੇ ਘੇਰਿਆ ਹੋਇਆ ਹੈ ਤੇ ਪਿਛਲੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਹਨ। ਨਦੀ ਵਿੱਚੋਂ ਲੰਘ ਕੇ ਸਿਰਫ਼ ਸਾਹਮਣੇ ਵਾਲੇ ਪਾਸੇ ਤੋਂ ਹੀ ਇੱਥੇ ਪੁੱਜਿਆ ਜਾ ਸਕਦਾ ਹੈ। ਇਸ ਅਸਥਾਨ ਦਾ ਪਹਿਲਾ ਨਾਂ ਮੁਖਲਿਸਗੜ੍ਹ ਸੀ, ਜਿਸ ਬਾਰੇ ਮੁਹੰਮਦ ਕਾਸਿਮ ਲਾਹੌਰੀ ਦੱਸਦਾ ਹੈ ਕਿ ਜਦੋਂ ਸ਼ਾਹੀ ਡੇਰਾ ਉਸ ਜ਼ਮੀਨ ‘ਤੇ ਆ ਲੱਗਿਆ, ਜਿਹੜੀ ਸਵਰਗੀ ਬਾਦਸ਼ਾਹ ਦੇ ਸ਼ਿਕਾਰ ਖੇਡਣ ਲਈ ਮੁਕੱਰਰ ਸੀ, ਉਸ ਚਲਾਕ ਵਿਅਕਤੀ (ਬੰਦਾ ਸਿੰਘ ਬਹਾਦਰ) ਨੇ ਕਿਲ੍ਹਾ ਮੁਖ਼ਲਿਸਪੁਰ, ਜਿਸ ਦਾ ਨਾਮ ਉਸ ਨੇ ਲੋਹਗੜ੍ਹ ਰੱਖਿਆ ਸੀ, ਵਿੱਚ ਜਾ ਵੜਿਆ। ਭਾਈ ਕਾਨ੍ਹ ਸਿੰਘ ਨਾਭਾ ਦੱਸਦਾ ਹੈ ਕਿ ਬਾਦਸ਼ਾਹ ਸ਼ਾਹਜਹਾਂ ਦੇ ਹੁਕਮ ਨਾਲ ਇਹ ਕਿਲ੍ਹਾ ਮੁਖਲਿਸ ਖ਼ਾਨ ਨੇ ਬਣਵਾਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਇਲਾਕੇ ਉੱਪਰ ਕਬਜ਼ਾ ਕਰ ਕੇ ਕਿਲ੍ਹਾ ਮੁਖ਼ਲਿਸਗੜ੍ਹ ਨੂੰ ਆਪਣਾ ਨਿਵਾਸ ਬਣਾਇਆ ਸੀ ਅਤੇ ਇਸ ਦਾ ਨਾਂ ਲੋਹਗੜ੍ਹ ਰੱਖਿਆ ਸੀ।
ਭਾਵੇਂ ਸਰਹਿੰਦ ਦੀ ਜਿੱਤ ਤੋਂ ਪਹਿਲਾਂ ਹੀ ਸਾਢੌਰੇ ‘ਤੇ ਕਬਜ਼ਾ ਕਰ ਲਿਆ ਗਿਆ ਸੀ ਪਰ ਇਸ ਨੂੰ ਹਾਲੇ ਪੱਕੇ ਟਿਕਾਣੇ ਵਜੋਂ ਵਿਕਸਿਤ ਨਹੀਂ ਕੀਤਾ ਗਿਆ ਸੀ। ਸਰਹਿੰਦ ਦੀ ਜਿੱਤ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਜਿਹੇ ਟਿਕਾਣੇ ਦੀ ਲੋੜ ਮਹਿਸੂਸ ਹੋਈ, ਜਿੱਥੋਂ ਕੇਂਦਰੀ ਗਤੀਵਿਧੀਆਂ ਵੀ ਚਲਾਈਆਂ ਜਾ ਸਕਣ ਤੇ ਲੋੜ ਪੈਣ ‘ਤੇ ਦੁਸ਼ਮਣ ਨਾਲ ਟੱਕਰ ਵੀ ਲਈ ਜਾ ਸਕੇ। ਸਰਹਿੰਦ, ਸਮਾਣਾ ਆਦਿ ਹੋਰ ਬਹੁਤ ਸਾਰੇ ਨਗਰਾਂ ‘ਤੇ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤ ਪ੍ਰਾਪਤ ਕਰ ਲਈ ਸੀ ਪਰ ਯੁੱਧਨੀਤੀ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਨੂੰ ਵਰਤਿਆ ਨਹੀਂ ਜਾ ਸਕਦਾ ਸੀ। ਲੋਹਗੜ੍ਹ ਹੀ ਅਜਿਹੀ ਜਗ੍ਹਾ ਸੀ, ਜਿੱਥੋਂ ਮੈਦਾਨੀ ਇਲਾਕਿਆਂ ‘ਤੇ ਵੀ ਨਜ਼ਰ ਰੱਖੀ ਜਾ ਸਕਦੀ ਸੀ ਅਤੇ ਲੋੜ ਪੈਣ ‘ਤੇ ਇੱਥੇ ਮੌਜੂਦ ਪਹਾੜੀਆਂ ਤੋਂ ਮੋਰਚੇ ਦਾ ਕੰਮ ਵੀ ਲਿਆ ਜਾ ਸਕਦਾ ਸੀ। ਇਸ ਦੇ ਪਿਛਲੇ ਪਾਸੇ ਸੰਘਣਾ ਜੰਗਲ ਸੀ, ਜਿਸ ਨੂੰ ਪਾਰ ਕਰ ਕੇ ਇਸ ‘ਤੇ ਹਮਲਾ ਕਰਨਾ ਬਹੁਤ ਔਖਾ ਸੀ। ਲੋਹਗੜ੍ਹ ਨੂੰ ਟਿਕਾਣਾ ਬਣਾਉਣ ਸਬੰਧੀ ਟਿੱਪਣੀ ਕਰਦਿਆਂ ਡਾ. ਗੰਡਾ ਸਿੰਘ ਲਿਖਦੇ ਹਨ, “ਜਿਸ ਵੇਲੇ ਬੰਦਾ ਸਿੰਘ ਨੇ ਇਸ ਕਿਲ੍ਹੇ ਉੱਤੇ ਕਬਜ਼ਾ ਕੀਤਾ ਤਾਂ ਇਹ ਬੜੀ ਟੁੱਟੀ ਭੱਜੀ ਹਾਲਤ ਵਿੱਚ ਸੀ। ਇਸ ਦੀ ਮੁਰੰਮਤ ਕੀਤੀ ਗਈ ਤੇ ਇਸ ਦਾ ਨਾਂ ਲੋਹਗੜ੍ਹ ਧਰਿਆ ਗਿਆ। ਸਰਹਿੰਦ ਦਾ ਖ਼ਜ਼ਾਨਾ, ਸਾਰੀਆਂ ਮੁਹਿੰਮਾਂ ਵਿੱਚ ਪ੍ਰਾਪਤ ਹੋਇਆ ਮਾਲ ਅਸਬਾਬ ਤੇ ਜੰਗੀ ਸਾਮਾਨ ਤੇ ਕਬਜ਼ੇ ਹੇਠ ਆਏ ਇਲਾਕਿਆਂ ਤੋਂ ਉਗਰਾਇਆ ਹੋਇਆ ਮਾਮਲਾ ਸਭ ਇੱਥੇ ਇਕੱਠੇ ਕੀਤੇ ਗਏ। ਅਸਲੀ ਅਰਥਾਂ ਵਿੱਚ ਲੋਹਗੜ੍ਹ ਸਿੰਘਾਂ ਦੇ ਨਵੇਂ ਬਣ ਰਹੇ ਰਾਜ ਦੀ ਰਾਜਧਾਨੀ ਬਣ ਗਿਆ ਸੀ”।
ਗੁਰਮੁਖੀ ਸਰੋਤਾਂ ਦੇ ਰਚਣ ਹਾਰਿਆਂ ਨੇ ਵੀ ਇਸ ਕਿਲ੍ਹੇ ਸਬੰਧੀ ਆਪਣੀ ਦ੍ਰਿਸ਼ਟੀ ਤੋਂ ਖੋਜ ਕੀਤੀ ਹੈ। ਸਥਾਨਕ ਲੋਕਾਂ ਦੇ ਬਿਆਨਾਂ ਤੇ ਨਿੱਜੀ ਸਰਵੇਖਣ ਦੇ ਆਧਾਰ ਉੱਤੇ ਉਨ੍ਹਾਂ ਨੇ ਇਸ ਦੀ ਜਿਹੜੀ ਤਸਵੀਰ ਖਿੱਚੀ ਹੈ, ਉਹ ਵੀ ਧਿਆਨ ਦੇਣ ਯੋਗ ਹੈ। ਗਿਆਨੀ ਗਿਆਨ ਸਿੰਘ ਦੱਸਦੇ ਹਨ, “ਲੋਹਗੜ੍ਹ ਦੇ ਚੁਫੇਰੇ ਦੀ ਸ਼ਿਕਾਰਗਾਹ ਦਸ-ਦਸ, ਪੰਦਰਾਂ-ਪੰਦਰਾਂ ਕੋਹ ਪਹਾੜੀਆਂ ਝਾੜੀਆਂ ਬਹੁਤ ਸਨ, ਸਾਢੌਰੇ ਵੱਲੋਂ ਪੰਜ ਛੀ ਕੋਹ ਪਹਾੜ ਵੰਨੀ ਇੱਕ ਉੱਚੇ ਟਿੱਬੇ ਪਰ ਪੰਮੂ ਪਿੰਡ ਦੇ ਪਾਸ ਕਿਲ੍ਹਾ ਲੋਹਗੜ੍ਹ ਹੈ, ਜੋ ਸ਼ਾਹਜਹਾਂ ਦੇ ਸਮੇਂ ਮੁਖ਼ਲਸ ਖ਼ਾਂ ਸੂਬੇਦਾਰ ਸਰਹੰਦ ਨੇ ਬਣਵਾਇਆ ਸੀ, ਓਸ ਦੇ ਦੋਹੀਂ ਪਾਸੀਂ ਦੋ ਖੱਡਾਂ ਪਹਾੜੀ ਪਾਣੀ ਦੀਆਂ ਵਗਦੀਆਂ ਰਹਿੰਦੀਆਂ ਹਨ, ਕਿਲ੍ਹੇ ਦੇ ਆਸ ਪਾਸ ਉੱਚੇ ਪਹਾੜ ਬਹੁਤੇ ਸਨ। ਭਾਵੇਂ ਹੁਣ ਤਾਂ ਓਸ ਕਿਲ੍ਹੇ ਨੂੰ ਲੋਕਾਂ ਨੇ ਖੋਲਾ ਜੇਹਾ ਬੀ ਨਹੀਂ ਛੱਡਿਆ ਸਬ ਮਲਬਾ ਲੈ ਗਏ ਹਨ”।
ਬਾਦਸ਼ਾਹ ਬਹਾਦਰ ਸ਼ਾਹ, ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਲਈ ਵੱਡੀ ਫ਼ੌਜ ਲੈ ਕੇ ਸਾਢੌਰੇ ਆਇਆ ਸੀ। ਬਾਦਸ਼ਾਹ ਨੂੰ ਆਪਣੀਆਂ ਫ਼ੌਜਾਂ ਤੇ ਜਰਨੈਲਾਂ ਉੱਤੇ ਪੂਰਨ ਭਰੋਸਾ ਸੀ ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਉਂਦੇ ਫੜ ਲੈਣਗੇ। ਉਸ ਨੇ ਬੰਦੇ ਨੂੰ ਫੜ ਕੇ ਦਿੱਲੀ ਨਾਲ ਲਿਜਾਣ ਵਾਸਤੇ ਇੱਕ ਪਿੰਜਰਾ ਵੀ ਤਿਆਰ ਕਰਵਾਇਆ ਸੀ ਪਰ ਜਦੋਂ ਇੰਨੇ ਪੀਢੇ ਘੇਰੇ ਤੇ ਸਖ਼ਤ ਲੜਾਈ ਦੇ ਬਾਵਜੂਦ ਬੰਦਾ ਬਚ ਕੇ ਨਿਕਲਣ ਵਿੱਚ ਸਫ਼ਲ ਹੋ ਗਿਆ ਤਾਂ ਇਹ ਗੱਲ ਬਾਦਸ਼ਾਹ ਲਈ ਬੜੀ ਨਮੋਸ਼ੀ ਵਾਲੀ ਸਾਬਿਤ ਹੋਈ ਸੀ। ਬਾਦਸ਼ਾਹ ਨੇ ਲੋਹਗੜ੍ਹ ਦੀ ਜਿੱਤ ਲਈ ਮਨਾਏ ਜਾਣ ਵਾਲੇ ਜਸ਼ਨਾਂ ਉੱਤੇ ਪਾਬੰਦੀ ਲਗਾ ਦਿੱਤੀ ਸੀ। ਇਸ ਘਟਨਾ ਨੇ ਬਾਦਸ਼ਾਹ ਤੇ ਉਸ ਦੇ ਜਰਨੈਲਾਂ ਨੂੰ ਬਹੁਤ ਨਿਰਾਸ਼ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਬਚ ਨਿਕਲਣ ਦੀ ਘਟਨਾ ਨੇ ਇਸ ਮੁਹਿੰਮ ਦੇ ਆਗੂ ਖ਼ਾਨਿ-ਖ਼ਾਨਾ ਮੁਨਈਅਮ ਖ਼ਾਨ ਦੀ ਸਿਹਤ ਉੱਤੇ ਵੀ ਬੁਰਾ ਪ੍ਰਭਾਵ ਪਾਇਆ ਸੀ।
ਦੂਜੇ ਪਾਸੇ ਲੋਹਗੜ੍ਹ ਵਿੱਚੋਂ ਨਿਕਲ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਫ਼ੌਜੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸਨ। ਸ਼ਾਹੀ ਲਸ਼ਕਰ ਦੀਆਂ ਕਾਰਵਾਈਆਂ ਤੇ ਦਮਨ ਦੀ ਪ੍ਰਵਾਹ ਕੀਤੇ ਬਗ਼ੈਰ ਉਸ ਨੇ 12 ਦਸੰਬਰ 1710 ਨੂੰ ਜਉਨਪੁਰ ਦੀ ਸੰਗਤ ਦੇ ਨਾਂ ਇੱਕ ਹੁਕਮਨਾਮਾ ਜਾਰੀ ਕੀਤਾ ਸੀ। ਇਸ ਹੁਕਮਨਾਮੇ ਤੋਂ ਉਸ ਦੀ ਸ਼ਾਹੀ ਜਬਰ ਤੇ ਜ਼ੁਲਮ ਦੇ ਖ਼ਿਲਾਫ਼ ਅਰੰਭ ਕੀਤੇ ਸੰਘਰਸ਼ ਪ੍ਰਤੀ ਦ੍ਰਿੜ੍ਹਤਾ ਦੇਖਣ ਨੂੰ ਮਿਲਦੀ ਹੈ। ਇਸ ਹੁਕਮਨਾਮੇ ਵਿੱਚ ਉਹ ਆਦੇਸ਼ ਦਿੰਦਾ ਹੈ, ‘ਤੁਸੀ ਸਿਰੀ ਅਕਾਲ ਪੁਰਖ ਜੀ ਕਾ ਖਾਲਸਾ ਹੋ, ਪੰਜ ਹਥੀਆਰ ਬੰਨ੍ਹਿ ਕੈ ਹੁਕਮੁ ਦੇਖਦਿਆ ਦਰਸਨ ਆਵਣਾ’।
ਜਿਸ ਨੁਕਤਾ ਨਿਗਾਹ ਤੋਂ ਇਸ ਕਿਲ੍ਹੇ ਦੀ ਉਸਾਰੀ ਕੀਤੀ ਗਈ ਸੀ, ਲੋੜ ਪੈਣ ਉੱਤੇ ਇਹ ਸਾਰਥਕ ਸਾਬਿਤ ਹੋਈ। ਬਾਦਸ਼ਾਹ ਪੰਜਾਬ ਵਿੱਚ ਹੀ ਮੌਜੂਦ ਸੀ ਅਤੇ ਉਸ ਨੇ ਲਾਹੌਰ ਦਾ ਰੁਖ਼ ਕਰ ਲਿਆ ਸੀ ਪਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਹਾਕਮਾਂ ਨੂੰ ਸੋਧਣ ਦੀਆਂ ਕਾਰਵਾਈਆਂ ਨਿਰੰਤਰ ਜਾਰੀ ਸਨ। ਇਨ੍ਹਾਂ ਕਾਰਵਾ
ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿੱਚ ਸ਼ਾਮਲ ਹੁੰਦੇ ਜਾ ਰਹੇ ਸਨ।
ਬੰਦਾ ਸਿੰਘ ਬਹਾਦਰ ਪਹਾੜਾਂ ਬਾਰੇ ਗਹਿਰ-ਗੰਭੀਰ ਜਾਣਕਾਰੀ ਰੱਖਦਾ ਸੀ। ਪਹਾੜਾਂ ਦੇ ਤੰਗ ਤੇ ਖ਼ਤਰਨਾਕ ਰਸਤਿਆਂ ਨੂੰ ਉਹ ਸਹਿਜੇ ਹੀ ਪਾਰ ਕਰ ਲੈਂਦਾ ਸੀ ਤੇ ਕਦੇ ਕਿਸੇ ਦੇ ਹੱਥ ਨਹੀਂ ਆਉਂਦਾ ਸੀ। ਆਮ ਲੋਕਾਂ ਲਈ ਉਹ ਇੱਕ ਚਮਤਕਾਰੀ ਵਿਅਕਤੀ ਵਜੋਂ ਸਾਹਮਣੇ ਆਇਆ ਸੀ, ਜਿਸ ਨੂੰ ਰੋਕਣ ਜਾਂ ਫੜਨ ਤੋਂ ਸਾਰੇ ਜਰਨੈਲ ਟਾਲਾ ਵਟਣ ਲੱਗੇ ਸਨ। ਉਹ ਜਦੋਂ ਚਾਹੇ ਦੁਸ਼ਮਣ ਦੇ ਤੰਗ ਤੋਂ ਤੰਗ ਘੇਰੇ ਵਿੱਚੋਂ ਬਚ ਕੇ ਨਿਕਲ ਸਕਦਾ ਸੀ। ਉਸ ਨੂੰ ਫੜਨਾ ਕਿਸੇ ਹਾਰੀ-ਸਾਰੀ ਦੀ ਗੱਲ ਨਹੀਂ ਜਾਪਦੀ ਸੀ। ਜੰਮੂ ਦੀਆਂ ਪਹਾੜੀਆਂ ਵਿੱਚ ਉਸ ਦਾ ਨਿਵਾਸ ਕਰਨਾ ਤੇ ਫਿਰ ਪ੍ਰਗਟ ਹੋ ਕੇ ਮੈਦਾਨੀ ਇਲਾਕਿਆਂ ਉੱਤੇ ਕਬਜ਼ਾ ਕਰ ਲੈਣਾ, ਉਸ ਦੀ ਫੁਰਤੀ ਦਾ ਪ੍ਰਗਟਾਵਾ ਕਰਦਾ ਹੈ। ਭਾਵੇਂ ਉਹ ਪਹਾੜਾਂ ਵਿੱਚ ਰਹਿਣ ਨੂੰ ਤਰਜੀਹ ਦਿੰਦਾ ਸੀ ਪਰ ਯੁੱਧ ਦੀ ਦ੍ਰਿਸ਼ਟੀ ਤੋਂ ਲੋਹਗੜ੍ਹ ਨੂੰ ਉਹ ਸਭ ਤੋਂ ਵਧੇਰੇ ਸੁਰੱਖਿਅਤ ਮੰਨਦਾ ਸੀ। ਜਦੋਂ ਮੌਕਾ ਮਿਲਦਾ, ਉਹ ਲੋਹਗੜ੍ਹ ਵਾਪਸ ਆ ਜਾਂਦਾ। ਦੂਜੀ ਵਾਰੀ ਜਦੋਂ ਬੰਦਾ ਸਿੰਘ ਬਹਾਦਰ ਨੇ ਇਸ ਕਿਲ੍ਹੇ ਉੱਤੇ ਕਬਜ਼ਾ ਕੀਤਾ ਤਾਂ ਅਬਦੁਸ ਸਮਦ ਖ਼ਾਨ ਨੇ ਭਾਰੀ ਲਸ਼ਕਰ ਨਾਲ ਉਸ ਉੱਤੇ ਹਮਲਾ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਵਾਂਗ ਆਪਣੇ ਜੰਗਜੂ ਸਿੰਘਾਂ ਨੂੰ ਨਾਲ ਲੈ ਕੇ ਉੱਥੋਂ ਨਿਕਲ ਜਾਣ ਵਿੱਚ ਸਫ਼ਲ ਹੋ ਗਿਆ। ਹਾਕਮਾਂ ਨੇ ਇਸ ਨਮੋਸ਼ੀ ਤੋਂ ਬਚਣ ਲਈ ਇਸ ਕਿਲ੍ਹੇ ਨੂੰ ਸਦੀਵੀ ਤੌਰ ਉੱਤੇ ਖ਼ਤਮ ਕਰਨ ਦਾ ਯਤਨ ਅਰੰਭ ਕਰ ਦਿੱਤਾ ਸੀ।
ਇਹ ਕਿਲ੍ਹਾ ਲਗਭਗ ਤਿੰਨ ਸਦੀਆਂ ਤੋਂ ਵੀਰਾਨ ਪਿਆ ਹੈ। ਕੁੱਝ ਖੰਡਰਾਂ ਤੇ ਨਿਸ਼ਾਨੀਆਂ ਤੋਂ ਇਲਾਵਾ ਹੋਰ ਕੁੱਝ ਇੱਥੇ ਦਿਖਾਈ ਨਹੀਂ ਦਿੰਦਾ। ਉੱਪਰਲੀਆਂ ਪਹਾੜੀਆਂ ‘ਤੇ ਨਿਸ਼ਾਨ ਸਾਹਿਬ ਸੁਸ਼ੋਭਿਤ ਹਨ ਤੇ ਪਹਾੜੀ ਦੇ ਪੈਰਾਂ ਹੇਠ ਇੱਕ ਗੁਰਦੁਆਰਾ ਬਣਿਆ ਹੋਇਆ ਹੈ, ਜਿਸ ਦਾ ਪ੍ਰਬੰਧ ਨਿਹੰਗ ਸਿੰਘਾਂ ਦੇ ਅਧੀਨ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰ ਨੇ ਇਸ ਅਸਥਾਨ ਨੂੰ ਪੁਨਰ ਜੀਵਿਤ ਕਰਨ ਵਿੱਚ ਜੋ ਰੁਚੀ ਦਿਖਾਈ ਹੈ, ਉਹ ਸ਼ਲਾਘਾਯੋਗ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਅਸਥਾਨ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ਛੇਤੀ ਹੀ ਇੱਥੇ ਕੋਈ ਢੁਕਵੀਂ ਯਾਦਗਾਰ ਬਣ ਜਾਣੀ ਚਾਹੀਦੀ ਹੈ।
ਲੇਖਕ – ਡਾ. ਪਰਮਵੀਰ ਸਿੰਘ, E-mai : paramvirsingh68@gmail.com